ਬੋਲੀ, ਪਿਛੋਕੜ ਤੇ ਵਿਰਸੇ ਨੂੰ ਭੁਲ ਕੇ ਕਿਧਰੇ ਗੁਲਾਮ ਨਾ ਬਣ ਜਾਈਏ – ਡਾ. ਢਿੱਲੋਂ
ਅੰਮ੍ਰਿਤਸਰ, 21 ਫਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ‘ਮਾਂ ਬੋਲੀ’ ਦਿਵਸ ਨੂੰ ਸਮਰਪਿਤ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਕਾਸ ਬਾਰੇ ਡਾਂਸ, ਸਕਿੱਟਾਂ, ਪ੍ਰਦਰਸ਼ਨੀਆਂ ਅਤੇ ਵਿਚਾਰਾਂ ਰਾਹੀਂ ਮੌਜ਼ੂਦ ਦਰਸ਼ਕਾਂ ਨੂੰ ‘ਸੋਝੀ’ ਪਾਉਂਦਿਆਂ ਇਸਦੀ ਜਰੂਰਤ ਦੇ ਵਿਸ਼ੇ ‘ਤੇ ਖਾਸ ਸਾਂਝ ਪਾਈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉੱਪ ਕੁਲਪਤੀ ਡਾ. ਐੱਸ. ਪੀ. ਸਿੰਘ ਨੇ ਕਿਹਾ ਕਿ ‘ਮਾਂ ਬੋਲੀ’ ਹੀ ਵਿਚਾਰਾਂ ਦੀ ਸਾਂਝ ਪਾਉਣ ਦਾ ਸਹੀ ਮਾਧਿਅਮ ਹੁੰਦਾ ਹੈ ਅਤੇ ਕਿਹਾ ਕਿ ਜੇਕਰ ਅਸੀ ਸੁਚੇਤ ਹਾਂ ਤਾਂ ‘ਮਾਂ ਬੋਲੀ’ ਪੰਜਾਬੀ ਦੇ ਭਵਿੱਖ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਫ਼ਖਰ ਹੋਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਭਾਰਤ ਹੀ ਨਹੀਂ ਸਗੋਂ ਪਾਕਿਸਤਾਨ, ਯੂ. ਐੱਸ. ਏ., ਕੈਨੇਡਾ ਅਤੇ ਬਹੁਤ ਸਾਰੇ ਹੋਰ ਬਾਹਰਲੇ ਦੇਸ਼ਾਂ ‘ਚ ਆਪਣਾ ਮਾਣਮੱਤਾ ਵਧਾ ਰਹੀ ਹੈ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਸ਼ਾ ਕੋਈ ਵੀ ਹੋਵੇ ਹਰੇਕ ਦਾ ਆਪਣਾ-ਆਪਣਾ ਮਾਣ ਤੇ ਸਤਿਕਾਰ ਹੁੰਦਾ ਹੈ, ਪਰ ਜੋ ਇਨਸਾਨ ਆਪਣੀ ‘ਮਾਂ ਬੋਲੀ’ ਵਿਸਾਰ ਦਿੰਦਾ ਹੈ, ਉਹ ਸਮਾਜ ‘ਚ ਵਜ਼ੂਦ ਹੀ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ‘ਚ ਪੰਜਾਬੀ ਬੋਲੀ ਜਿਸ ਨਾਲ ਸਾਡੀ ਜਗ ‘ਤੇ ਇਕ ਵੱਖਰੀ ਪਛਾਣ ਹੈ, ਬਾਰੇ ਰੂਬਰੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿ ਇਕ-ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ‘ਚ ਆਪਣੇ ਪਿਛੋਕੜ, ਵਿਰਸੇ ਤੇ ਬੋਲੀ ਨੂੰ ਭੁੱਲ ਕੇ ਕਿਸੇ ਦੇ ਗੁਲਾਮ ਹੋ ਜਾਈਏ। ਕਾਲਜ ਦੇ ਭਾਈ ਰਾਮ ਸਿੰਘ ਹਾਲ ‘ਚ ਕਰਵਾਏ ਪ੍ਰੋਗਰਾਮ ਦੌਰਾਨ ਮਾਰਕਸ ਪੋਲ ਅਤੇ ਗੁਰਮੇਲ ਸ਼ਾਮਨਗਰ ਦੁਆਰਾ ਕੋਰੀਓਗ੍ਰਾਫ਼ ਕੀਤਾ ਹੋਇਆ ਇਕ ਸ਼ਾਨਦਾਰ ਪਾਵਰ ਪੁਆਇੰਟ ਪ੍ਰੈਜ਼ੀਟੇਸ਼ਨ ਪੇਸ਼ ਕੀਤਾ ਗਿਆ, ਜਿਸ ‘ਚ ਗੁਰੂਆਂ ਦੇ ਸਮੇਂ ਤੋਂ ਅੱਜ ਤੱਕ ਪੰਜਾਬੀ ਦੇ ਵਿਕਾਸ ‘ਤੇ ਇਕ ਗਹਿਰੀ ਝਲਕ ਵੇਖਣ ਨੂੰ ਮਿਲੀ। ਇਸ ਦੌਰਾਨ ਪੰਜਾਬੀ ‘ਚ ਲਿਖੀਆਂ 2 ਨਵੀਆਂ ਪ੍ਰਕਾਸ਼ਿਤ ਕਿਤਾਬਾਂ ‘ਗੂੰਗੀ ਚੀਖ’ ਅਤੇ ‘ਉੱਥੇ’ ਦੀਆਂ ਲੇਖਕਾਵਾਂ ਕ੍ਰਮਵਾਰ ਸਿਮਰਨਜੋਤ ਮਾਨ ਅਤੇ ਰਾਜ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਡਾ. ਢਿੱਲੋਂ ਨੇ ਮੁੱਖ ਮਹਿਮਾਨਾਂ ਨੂੰ ‘ਜੀ ਅਇਆ’ ਕਹਿੰਦਿਆਂ ਉਨ੍ਹਾਂ ਨੂੰ ਫੁੱਲ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ: ਨਿਰਮਲ ਸਿੰਘ ਭੰਗੂ ਅਤੇ ਵਾਇਸ ਆਫ਼ ਅੰਮ੍ਰਿਤਸਰ ਸੰਚਾਲਕਾ ਰਿਤੂ ਅਰੋੜਾ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਕਾਲਜ ਦੀ ਵਾਇਸ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਧੰਨਵਾਦ ਮੱਤਾ ਪੇਸ਼ ਕਰਦਿਆਂ ‘ਮਾਂ ਬੋਲੀ’ ਦਿਵਸ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਸਟੇਜ਼ ਦੀ ਭੂਮਿਕਾ ਕਿਰਨ ਨੇ ਬਾਖ਼ੂਬੀ ਨਿਭਾਈ।