Wednesday, December 31, 2025

ਅਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਰਵਿਉ ਮੀਟਿੰਗ

ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਜ਼ਾਦੀ ਦਿਵਸ – ਮਾਨ 

PPN050812

ਫ਼ਾਜ਼ਿਲਕਾ, 5  ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – 15  ਅਗਸਤ ਅਜ਼ਾਦੀ ਦਿਵਸ ਹਰ ਸਾਲ ਦੀ ਤਰਹਾਂ ਇਸ ਸਾਲ ਵੀ ਪੂਰੀ ਸ਼ਰਧਾ,ਉਤਸ਼ਾਹ ਅਤੇ ਤਨ-ਦੇਹੀ ਨਾਲ ਮਨਾਇਆ ਜਾਵੇਗਾ।ਇਸ ਸਬੰਧੀ ਅਗੇਤੇ ਪਰਬੰਧਾਂ ਦਾ ਜਾਇਜ਼ਾ ਲੈਣ ਲਈ  ਰਵਿਉ ਮੀਟਿੰਗ ਸ.ਚਰਨ ਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ  ਦੀ ਪ੍ਰਧਾਨਗੀ ਹੇਠ ਹੋਈ।ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ  ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਅਜ਼ਾਦੀ ਦਿਵਸ ਦੇ ਮੌਕੇ ਤੇ ਕੀਤੇ ਜਾਣ ਵਾਲੇ ਸਮਾਗਮ ਵਿਚ ਸੌਂਪੇਂ ਗਏ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ।ਉਨਾਂ ਦੱਸਿਆ ਕਿ ਅਨਾਜ ਮੰਡੀ ਫਾਜਿਲਕਾ ਵਿਖੇ ਮਨਾਏ ਜਾਣ ਵਾਲੇ ਜਿਲ੍ਹਾ ਪੱਧਰੀ ਅਜ਼ਾਦੀ ਦਿਵਸ ਦੇ ਸਮਾਰੋਹ ਵਿਚ ਪੰਜਾਬ ਪੁਲਿਸ ਅਤੇ ਅਰਧ-ਸੈਨਿਕ ਬਲਾ ਅਤੇ ਐਨ.ਸੀ.ਸੀ ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ ਅਤੇ  ਭਾਰਤੀ ਫੌਜ ਦੇ ਬੈਂਡ ਵੱਲੋਂ ਦੇਸ਼ ਭਗਤੀ ਦੇ ਗੀਤਾਂ ਤੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਜਾਵੇਗਾ ।ਉਨਾਂ  ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ  ਦੇਸ਼ ਭਗਤੀ ਨੂੰ ਦਰਸਾਉਦਾਂ ਹੋਇਆ ਸੱਭਿਆਚਾਰਕ ਪਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਵੱਖ-ਵੱਖ ਵਿਭਾਗਾਂ ਵਲੋਂ  ਕੀਤੀ ਗਈ ਪਰਗਤੀ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ।ਉਨਾਂ ਦੱਸਿਆ ਕਿ  13  ਅਗਸਤ ਨੂੰ ਅਨਾਜ ਮੰਡੀ ਫਾਜਿਲਕਾ ਵਿਖੇ ਫੁੱਲ ਡਰੈਸ ਰਿਹਰਸਲ ਕੀਤੀ ਜਾਵੇਗੀ. ਇਸੇ ਤਰਾਂ ਜਿਲ੍ਹੇ ਦੀਆਂ ਸਬ-ਡਵੀਜਨਾਂ ਵਿਚ ਵੀ ਅਜ਼ਾਦੀ ਦਿਵਸ ਮਨਾਉਣ ਦੇ ਪਰਬੰਧ ਕੀਤੇ ਜਾਣਗੇ. ਉਨਹਾਂ ਅਗੇ ਦੱਸਿਆ ਕਿ ਅਜ਼ਾਦੀ ਦਿਵਸ ਦੇ ਮੌਕੇ ਤੇ ਸੁਤੰਤਰਤਾ ਸੰਗਰਾਮੀਆਂ, ਖੇਡਾਂ, ਸਿੱਖਿਆ ਤੇ  ਹੋਰ ਖੇਤਰਾਂ ਵਿਚ ਵਿਸ਼ੇਸ਼ ਪਰਾਪਤੀਆਂ ਕਰਨ ਵਾਲਿਆਂ  ਤੋ ਇਲਾਵਾ ਮਿਹਨਤ, ਲਗਨ ਨਾਲ ਅਤੇ ਉਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਸਬੰਧੀ ਅਰਜ਼ੀਆਂ  10  ਅਗਸਤ ਤੱਕ  ਉਨਹਾਂ ਦੇ ਦਫ਼ਤਰ ਵਿਚ ਜਮਾਂ ਕਰਵਾਈਆਂ ਜਾਣ ਤਾਂ ਜੋ ਇਸ ਤੇ ਕਾਰਵਾਈ ਕੀਤੀ ਜਾ ਸਕੇ। ਵਧੀਕ ਡਿਪਟੀ  ਕਮਿਸ਼ਨਰ ਸ. ਮਾਨ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਮੁੱਖ ਮਹਿਮਾਨ ਅੰਤਰ ਰਾਸ਼ਟਰੀ ਸਰਹੱਦ ਤੇ ਸਥਿਤ ਆਸਫਵਾਲਾ ਵਿਖੇ ਸ਼ਹੀਦਾਂ ਦੀ ਸਮਾਧ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨਗੇ ।ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਨੂੰ ਪੂਰੀ ਤਰਾਂ ਸਵਾਗਤੀ ਗੇਟਾਂ ਨਾਲ ਸਜਾਇਆ ਜਾਵੇ।ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਅਜ਼ਾਦੀ ਸਮਾਰੋਹ ਵਿਚ ਆਉਣ ਵਾਲੇ ਲੋਕਾਂ ਅਤੇ ਵੀ.ਆਈ.ਪੀ. ਲਈ ਵਿਸ਼ੇਸ਼ ਟਰੈਫ਼ਿਕ ਰੂਟ ਬਣਾਏ ਜਾਣ ਅਤੇ ਪਾਰਕਿੰਗ ਲਈ ਪਹਿਲਾਂ ਹੀ ਥਾਂਵਾਂ ਨਿਸ਼ਚਤ ਕੀਤੀਆਂ ਜਾਣ ਤਾਂ ਜੋ ਕਿਸੇ ਤਰਹਾਂ ਦੀ ਟਰੈਫ਼ਿਕ ਦੀ ਸਮੱਸਿਆ ਪੇਸ਼ ਨਾ ਆਵੇ। ਉਨਾਂ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਲ੍ਹਾ ਪੱਧਰੀ ਅਜ਼ਾਦੀ ਸਮਾਗਮ ਵਿੱਚ ਵੱਧ ਤੋ ਵੱਧ ਸ਼ਿਰਕਤ ਕਰਨ । ਇਸ ਮੌਕੇ ਕੈਪਟਨ ਕਰਨੈਲ ਸਿੰਘ ਐਸ.ਡੀ.ਐਮ. ਫਾਜਿਲਕਾ, ਸ. ਗੁਰਜੀਤ ਸਿੰਘ ਐਸ.ਡੀ.ਐਮ. ਜਲਾਲਾਬਾਦ, ਸ. ਕੁਲਪਰੀਤ ਸਿੰਘ ਸਹਾਇਕ ਕਮਿਸ਼ਨਰ(ਜ), ਸ. ਗੁਰਮੀਤ ਸਿੰਘ ਐਸ.ਪੀ.(ਡੀ), ਸ਼੍ਰੀ ਸੰਦੀਪ ਧੂੜੀਆ ਡੀ.ਈ.ਓ. ਸਕੈਡੰਰੀ, ਸ਼ਰੀ ਹਰੀ ਚੰਦ ਕੰਬੋਜ ਡੀ.ਈ.ਓ. ਐਲੀਮੈਂਟਰੀ, ਡਾ. ਦਵਿੰਦਰ ਭੁੱਕਲ ਸਹਾਇਕ ਸਿਵਲ ਸਰਜਨ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply