‘ਆਫ਼ਟਰ ਦਾ ਲਾਸਟ ਲੈਕਚਰ’ ਫ਼ਿਲਮ `ਚ ਆਰਿਸ਼ ਕਰੇਗਾ ਨੈਗੇਟਿਵ ਰੋਲ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮੁੰਬਈ ਵਿਖੇ ਜੀ ਮਿਊਜ਼ਿਕ ਕੰਪਨੀ ਵੱਲੋਂ ਕਰਵਾਏ ਗਏ ਫ਼ਿਲਮੀ ਸਮਾਰੋਹ ’ਚ ਜਾਰੀ ਕੀਤੇ ਗਏ ‘ਗਦਰੀ ਸਿੰਘ ਲੱਗਦਾ ਫ਼ਿਰ ਆਣਾ ਪਊ’ ਗੀਤ ਨੂੰ ਲੋਕਾਂ ਵੱਲੋਂ ਦਿੱਤੇ ਭਰਵੇ ਹੁੰਗਾਰੇ ਦੇ ਚੱਲਦਿਆਂ ਗੁਰੂ ਨਗਰੀ ਦੇ ਮੁੱਕੇਬਾਜ਼, ਗਾਇਕ ਅਤੇ ਅਦਾਕਾਰ ਆਰਿਸ਼ ਸਿੰਘ ਨੂੰ ‘ਦਾਦਾ ਸਾਹਿਬ ਫ਼ਾਲਕੇ ਫ਼ਿਲਮ ਫਾਊਂਡੇਸ਼ਨ ਐਵਾਰਡ-2018’ ਵੱਲੋਂ ‘ਬੈਸਟ ਸਿੰਗਰ, ਐਕਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪਨੂੰਆਂ ਦਾ ਵਸਨੀਕ ਆਰਿਸ਼ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚ ਕਾਫ਼ੀ ਸਮੇਂ ਤੱਕ ਬਾਕਸਿੰਗ ਦੀ ਸਿਖਲਾਈ ਲੈ ਕੇ ਸਟੇਟ ਪੱਧਰ ਦਾ ਖਿਡਾਰੀ ਰਹਿ ਚੁੱਕਾ ਹੈ।ਆਰਿਸ਼ ਸਿੰਘ ਨੇ ਇਸ ਤੋਂ ਪਹਿਲਾਂ ‘ਪਾਰਟੀ ਬੰਦ ਕਰੋ’, ‘ਰੌਲਾ ਹਾਰ ਦਾ’, ‘ਕੱਲ੍ਹ ਮਿਲੀ ਤੂੰ’, ਵੀਨਸ ਕੰਪਨੀ ਅਤੇ ਵਾਈਟ ਹਿਲ ਮਿਊਜ਼ਿਕ ਦੀ ਪੇਸ਼ਕਸ਼ ਨਵੇਂ ਸਿੰਗਲ ਟਰੈਕ ਗੀਤ ‘ਚੰਦਰਾ ਪਿਆਰ’ ਅਤੇ ਪ੍ਰਸਿੱਧ ਅਦਾਕਾਰ ਨੀਲ ਨਿਤੀਨ ਮੁਕੇਸ਼ ਦੀ ਹਿੰਦੀ ਫ਼ਿਲਮ ‘ਇਸ਼ਕੇਰੀਆ’ ’ਚ 2 ਟਾਈਟਲ ਗੀਤ ਦਰਸ਼ਕਾਂ ਦੀ ਕਚਿਹਰੀ ’ਚ ਪੇਸ਼ ਕਰ ਚੁੱਕਾ ਹੈ।
ਆਰਿਸ਼ ਸਿੰਘ ਜੋ ਕਿ ਬਹੁਤ ਜਲਦ ਪ੍ਰਸਿੱਧ ਡਾਇਰੈਕਟਰ ਪ੍ਰਕਾਸ਼ ਝਾਅ ਦੇ ਅਸਿਸਟੈਂਟ ਡਾਇਰੈਕਟਰ ਚੇਤਨ ਸਿੰਘ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਬਾਲੀਵੁਡ ਹਿੰਦੀ ਫ਼ਿਲਮ ‘ਆਫ਼ਟਰ ਦਾ ਲਾਸਟ ਲੈਕਚਰ’ `ਚ ਮੁੱਖ ਨੈਗੇਟਿਵ ਭੂਮਿਕਾ ’ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਂਦੇ ਨਜ਼ਰੀ ਆਉਣਗੇ। ਆਰਿਸ਼ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਸਿਰ ਇਸ ਕਦਰ ਚੜ੍ਹ ਕੇ ਬੋਲ ਰਿਹਾ ਹੈ ਕਿ ਉਸ ਦੇ ਉਕਤ ਗੀਤ ‘ਗਦਰੀ ਸਿੰਘ ਲੱਗਦਾ ਫ਼ਿਰ ਆਣਾ ਪਊ’ ਨੇ ਉਸ ਨੂੰ ਦਾਦਾ ਸਾਹਿਬ ਫ਼ਾਲਕੇ ਐਵਾਰਡ ਦਾ ਮਾਣ ਬਖ਼ਸ਼ਿਆ। 
ਆਰਿਸ਼ ਨੇ ਕਿਹਾ ਕਿ ਉਹ ਜ਼ਿੰਦਗੀ ’ਚ ਕਾਮਯਾਬੀ ਦੇ ਸ਼ਿਖਰਾਂ ’ਤੇ ਪਹੁੰਚਣ ’ਤੇ ਵੀ ਆਪਣੀ ਜਨਮਭੂਮੀ ਨਾਲ ਜੁੜੇ ਰਹਿਣਗੇ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਾਫ਼-ਸੁੱਥਰੀ ਗਾਇਕੀ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਦਾ ਹੈ ਅਤੇ ਇਸੇ ਮੰਤਵ ਨਾਲ ਉਹ ਆਪਣਾ ਨਸ਼ਿਆਂ ਪ੍ਰਤੀ ਜਾਗਰੂਕ ਕਰਦਾ ਗੀਤ ਦਰਸ਼ਕਾਂ ਲਈ ਪੇਸ਼ ਕਰ ਚੁੱਕੇ ਹਨ। ਇਸ ਮੌਕੇ ਬਾਕਸਿੰਗ ਕੋਚ ਬਲਜਿੰਦਰ ਸਿੰਘ, ਆਰਿਸ਼ ਸਿੰਘ ਦੇ ਪਿਤਾ ਪਰਮਜੀਤ ਸਿੰਘ ਪਨੂੰ, ਅਰਵਿੰਦਰ ਸਿੰਘ ਛੀਨਾ, ਸੁਖਦੇਵ ਸਿੰਘ, ਜਗਤਾਰ ਸਿੰਘ ਭੁੱਲਰ, ਗੁਰਦੇਵ ਸਿੰਘ, ਡਾ. ਸ਼ਮਿੰਦਰ ਸਿੰਘ ਭੁੱਲਰ, ਸੰਨੀ ਭੁੱਲਰ, ਰਿਸ਼ੀ ਆਦਿ ਹਾਜ਼ਰ ਸਨ।
Punjab Post Daily Online Newspaper & Print Media