ਡਾ. ਗੁਲਜਾਰ ਸਿੰਘ ਕੰਗ ਦੀ ਪਹਿਲੀ ਬਰਸੀ ਮੌਕੇ ਗੋਸ਼ਟੀ ਦਾ ਆਯੋਜਨ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖੋਜ ਸੰਸਥਾ ਨਾਦ ਪ੍ਰਗਾਸੁ ਦੇ ਮੁੱਖ ਦਫਤਰ ਵਿਖੇ ਡਾ. ਗੁਲਜਾਰ ਸਿੰਘ ਕੰਗ ਦੀ ਪਹਿਲੀ ਬਰਸੀ ਮੌਕੇ ਆਯੋਜਿਤ ਗੋਸ਼ਟੀ ਦੌਰਾਨ ਉਨਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਵੱਲੋਂ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।ਸਮਾਗਮ ਵਿੱਚ ਉਹਨਾਂ ਦੀਆਂ ਰਚਨਾਵਾਂ ਅਤੇ ਅਕਾਦਮਿਕ ਯੋਗਦਾਨ ਬਾਬਤ ਵੱਖ-ਵੱਖ ਵਿਦਵਾਨਾਂ ਵੱਲੋਂ ਚਰਚਾ ਕੀਤੀ ਗਈ। ਜਿਕਰਯੋਗ ਹੈ ਕਿ ਡਾ. ਗੁਲਜਾਰ ਸਿੰਘ ਕੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਿਤ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਸਨ ਅਤੇ ਉਹਨਾਂ ਨੇ ਇਸ ਕੇਂਦਰ ਦੀ ਯੋਗ ਅਗਵਾਈ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਸੀ। 
ਇਸ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਡਾ. ਕੰਗ ਵਰਗੇ ਮਿਹਨਤੀ ਅਤੇ ਸਾਊ ਅਧਿਆਪਕ ਹੀ ਸਾਡੇ ਵਿਦਿਆਰਥੀ ਵਰਗ ਦਾ ਆਦਰਸ਼ ਬਨਣ ਦੇ ਕਾਬਿਲ ਹੁੰਦੇ ਹਨ।ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿੱਚ ਸੇਵਾ ਨਿਭਾਉਦਿਆਂ ਅਨੇਕਾਂ ਚੁਣੌਤੀਆਂ ਅਤੇ ਮੁਸ਼ਕਿਲਾਂ ਦੇ ਬਾਵਜੂਦ ਸੱਚ ਅਤੇ ਨੇਕੀ ਉੱਪਰ ਪਹਿਰਾ ਦਿੱਤਾ। ਉਹ ਨਾਮ ਰਸੀ ਸਾਧਨਾ ਨਾਲ ਜੁੜੀ ਅਕਾਦਮਿਕ ਹਸਤੀ ਸਨ, ਜਿਨ੍ਹਾਂ ਵਿਚੋਂ ਰਸਿਕਤਾ ਅਤੇ ਗੰਭੀਰ ਚਿੰਤਨ ਝਲਕਦਾ ਸੀ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਬੜੀ ਤਸੱਲੀ ਨਾਲ ਇਸ ਯੁੱਗ ਤੋਂ ਵਿਦਾ ਹੋ ਰਹੇ ਹਾਂ ਕਿ ਸੰਸਥਾ ਨਾਦ ਪ੍ਰਗਾਸੁ ਨੇ ਪੰਜਾਬ ਦੇ ਯੋਗ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਬੌਧਿਕ ਅਭਿਆਸ ਲਈ ਇੱਕ ਮਹੱਤਵਪੂਰਨ ਮੰਚ ਮੁਹੱਈਆ ਕਰਵਾਇਆ ਹੈ।
ਅੱਜ ਦੇ ਸਮਾਗਮ ਵਿੱਚ ਡਾ. ਗੁਲਜਾਰ ਸਿੰਘ ਕੰਗ ਦੇ ਜੀਵਨ ਅਤੇ ਰਚਨਾਵਾਂ ਬਾਬਤ ਚਰਚਾ ਦਾ ਅਰੰਭ ਕਰਦਿਆਂ ਖੋਜਾਰਥੀ ਚਰਨਜੀਤ ਸਿੰਘ ਨੇ ਕਿਹਾ ਕਿ ਡਾ. ਕੰਗ ਇੱਕ ਸਿਰੜੀ ਅਤੇ ਖੋਜ ਨੂੰ ਸਮਰਪਿਤ ਵਿਦਵਾਨ ਸਨ, ਜਿਨ੍ਹਾਂ ਦੀਆਂ ਲਿਖਤਾਂ ਪੰਜਾਬੀ ਸਾਹਿਤ ਅਤੇ ਸਿੱਖ ਅਧਿਐਨ ਦੇ ਖੋਜਾਰਥੀਆਂ ਨੂੰ ਅਗਵਾਈ ਦੇਣ ਦੇ ਸਮਰੱਥ ਹਨ। ਇਸ ਮੌਕੇ ਡਾ. ਕੰਗ ਦੁਆਰਾ ਸਿੱਖ ਅਧਿਐਨ ਦੇ ਖੇਤਰ ਵਿੱਚ ਕੀਤੀ ਖੋਜ ਨੂੰ ਵਿਚਾਰਦਿਆਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਭਾਵੇਂ ਪੰਜਾਬੀ ਸਾਹਿਤ ਅਧਿਐਨ ਵਿੱਚ ਕੰਮ ਕੀਤਾ ਹੋਵੇ ਜਾਂ ਸਿੱਖ ਚਿੰਤਨ ਦੇ ਅਨੁਸ਼ਾਸਨ ਵਿੱਚ, ਪ੍ਰੰਤੂ ਮੂਲ ਰੂਪ ਨਾਲ ਉਹਨਾਂ ਦਾ ਖੋਜ ਕਾਰਜ ਰਹੱਸਵਾਦੀ ਚੇਤਨਾ ਦੀ ਨੇੜਤਾ ਵਿੱਚ ਰਹਿੰਦਾ ਹੈ। ਉਹ ਸਿੱਖ ਅਧਿਐਨ ਦੇ ਅਨੁਸ਼ਾਸਨ ਵਿਚ ਉਹ ਵਿਦਵਾਨ ਸਖਸ਼ੀਅਤ ਸਨ ਜਿਨ੍ਹਾਂ ਵਿੱਚ ਧਰਮ, ਸਾਹਿਤ ਅਤੇ ਸੂਫੀ ਸੁਹਜ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ।
ਡਾ. ਕੰਗ ਵਲੋਂ ਸੂਫੀ ਸਾਹਿਤ ਅਧਿਐਨ ਬਾਬਤ ਆਪਣੇ ਵਿਚਾਰ ਸਾਂਝੇ ਕਰਦਿਆਂ ਮਨਿੰਦਰ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨੇ ਕਿਹਾ ਕਿ ਡਾ. ਕੰਗ ਨੇ ਸੂਫੀ ਚਿੰਤਨ ਨੂੰ ਇਸਲਾਮਿਕ ਪਿਛੋਕੜ ਦੇ ਨਾਲ-ਨਾਲ ਭਾਰਤੀ ਰਹੱਸਵਾਦੀ ਅਨੁਭਵ ਦੇ ਸੰਦਰਭ ਵਿੱਚ ਵੀ ਦੇਖਣ ਦਾ ਉਪਰਾਲਾ ਕੀਤਾ ਹੈ, ਜਿਸ ਨਾਲ ਪੰਜਾਬੀ ਸੂਫੀਵਾਦ ਦੀ ਸਥਾਨਿਕ ਮੌਲਿਕਤਾ ਨੂੰ ਪਛਾਨਣ ਦਾ ਰਾਹ ਖੁੱਲਦਾ ਹੈ।ਪੋ੍ਰ. ਜਗਦੀਸ਼ ਸਿੰਘ ਨੇ ਵਿਚਾਰ ਚਰਚਾ ਦੀ ਲੜੀ ਨੂੰ ਅੱਗੇ ਤੋਰਦਿਆਂ ਕਿਹਾ ਕਿ ਡਾ. ਕੰਗ ਦੀ ਸ਼ਖਸੀਅਤ ਅਤੇ ਸਿਰਜਨਾਤਮਕਤਾ ਚੋਂ ਭਾਈ ਵੀਰ ਸਿੰਘ ਤੇ ਡਾ. ਜਸਵੰਤ ਸਿੰਘ ਨੇਕੀ ਦੀ ਚਿੰਤਨ ਧਾਰਾ ਪ੍ਰਤਿਬਿੰਬਤ ਹੰੁਦੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਦੀਆਂ ਲਿਖਤਾਂ ਪੱਛਮੀ ਖੋਜ ਵਿਧੀ ਤੋਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਏਸ਼ੀਆਈ ਬੌਧਿਕਤਾ ਦੀ ਵਿੱਲਖਣਤਾ ਬਾਰੇ ਸੁਜਗ ਹੋਣ ਦੇ ਇਸ਼ਾਰੇ ਵੀ ਦਿੰਦੀਆਂ ਹਨ। ਸਾਡੇ ਸਮਕਾਲੀ ਅਕਾਦਮਿਕ ਮਾਹੌਲ ਵਿਚ ਬੌਧਿਕਤਾ ਅਤੇ ਉੱਚ ਇਖਲਾਕ ਵਿਚਕਾਰ ਵਿੱਥ ਵਧ ਰਹੀ ਹੈ, ਪ੍ਰੰਤੂ ਡਾ. ਕੰਗ ਨੇ ਬੌਧਿਕਤਾ ਅਤੇ ਸੱਚੇ-ਸੁੱਚੇ ਇਖਲਾਕ ਦੀ ਸਾਂਝ ਨੂੰ ਸਾਕਾਰ ਕੀਤਾ ਹੈ।
ਗੋਸ਼ਟੀ ਤੋਂ ਬਾਦ ਹੋਈ ਵਿਚਾਰ ਚਰਚਾ ਵਿਚ ਡਾ. ਜਸਵੰਤ ਸਿੰਘ, ਡਾ. ਰਣਜੀਤ ਕੌਰ, ਡਾ. ਅਮਰਜੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਡਾ. ਗੁਲਜਾਰ ਸਿੰਘ ਕੰਗ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਖੋਜ ਕਾਰਜ ‘ਸ਼ਬਦ: ਅਨੁਭਵ ਅਤੇ ਦਰਸ਼ਨ’ ਛੇਤੀ ਹੀ ਛਾਪ ਕੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਤੱਕ ਪਹੰੁਚਾਇਆ ਜਾਵੇਗਾ।ਸਮਾਗਮ ਦੇ ਅੰਤ ਵਿੱਚ ਧੰਨਵਾਦੀ ਮਤਾ ਪੋ੍ਰ. ਗੁਰਬਖ਼ਸ ਸਿੰਘ ਵੱਲੋਂ ਪੇਸ਼ ਕੀਤਾ ਗਿਆ, ਇਸ ਬਰਸੀ ਸਮਾਗਮ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਅਤੇ ਹੋਰ ਵਿੱਦਿਅਕ ਸੰਸਥਾਵਾਂ ਤੋਂ ਵਿਦਿਆਰਥੀ ਹਾਜਰ ਸਨ। ਗੋਸ਼ਟੀ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਦਮਨਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ।
Punjab Post Daily Online Newspaper & Print Media