Friday, November 20, 2026

ਖ਼ਾਲਸਾ ਕਾਲਜ ਵੂਮੈਨ ਵਿਖੇ 2 ਰੋਜ਼ਾ ਸੈਮੀਨਾਰ ਦਾ ਹੋਇਆ ਅਗਾਜ਼

ਅਮਰੀਕਾ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਵਫ਼ਦ ਨੇ ਕੀਤੀ ਸ਼ਮੂਲੀਅਤ
 ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਇਤਿਹਾਸ ’ਚ ਸਿੱਖ ਇਤਿਹਾਸ ਸੁਨਿਹਰੇ ਪੰਨ੍ਹਿਆਂ ’ਤੇ ਸ਼ੁਸ਼ੋਭਿਤ ਹੈ, ਜਦੋਂ ਤੋਂ ਸਿੱਖੀ PPN1406201807ਹੋਂਦ ’ਚ ਆਈ, ਉਦੋਂ ਤੋਂ ਹੀ ਭਾਰਤੀ ਮਹਾਂਦੀਪ ਦੇ ਨਵੇਂ ਮੋੜ ਉਤਪਤਿ ਹੋਏ। ਇਹ ਵਿਚਾਰ ਸਿੱਖ ਇਤਿਹਾਸ ਦੇ ਮੰਨ੍ਹੇ ਪ੍ਰਮੰਨ੍ਹੇ ਮਾਹਿਰ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ 2 ਰੋਜ਼ਾ ਅੰਤਰ ਰਾਸ਼ਟਰੀ ‘ਸਿੱਖ ਇਤਿਹਾਸ’-ਭਾਰਤ ਅਤੇ ਪਾਕਿ ਵੰਡ’ ਵਿਸ਼ੇ ’ਤੇ ਆਯੋਜਿਤ ਕੀਤੇ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਹਿੰਦੁਸਤਾਨ ‘ਦੇਵਭੂਮੀ’ ਹੈ ਅਤੇ ਸਿੱਖ ਹੋਂਦ ਇਸ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ।ਜਗਤ ਦਾ ਉਧਾਰ ਕਰਨ ਅਤੇ ਵਹਿਮਾਂ-ਭਰਮਾਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਖਿਲਾਫ਼ ਅਵਾਜ਼ ਉਠਾਈ ਅਤੇ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਨੇ ਇਸੇ ਕੜੀ ਨੂੰ ਅਗਾਂਹ ਜਾਰੀ ਰੱਖਿਆ।ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ 15 ਜੂਨ ਤੱਕ ਚੱਲਣ ਵਾਲੇ 2 ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
     ਮੈਟਰੋਪੋਲੀਟਨ ਸਟੇਟ ਯੂਨੀਵਰਸਿਟੀ, ਡੇਨਵਰ, ਯੂ.ਐਸ.ਏ. ਦੇ 15 ਸਿੱਖਿਅਕਾਂ ਦਾ ਇਕ ਵਫ਼ਦ ਜਿਸ ’ਚ ਡਾ. ਐਂਡਰਿਊ ਮੋਲਡੂਨ, ਇਤਿਹਾਸ ਦੇ ਪ੍ਰੋਫੈਸਰ, ਜੇਮਜ਼ ਔਬਰੀ, ਅੰਗਰੇਜ਼ੀ ਦੇ ਪ੍ਰੋਫੈਸਰ ਅਤੇ ਡਾ. ਅਕਬਰਾਲੀ ਥੋਭਾਨੀ, ਕਾਰਜਕਾਰੀ ਨਿਰਦੇਸ਼ਕ, ਇੰਟਰਨੈਸ਼ਨਲ ਸਟੱਡੀਜ਼ ਦਫਤਰ ਨੇ ਇਸ ਸਮਾਗਮ ’ਚ ਹਿੱਸਾ ਲਿਆ, ਨੇ ਇਤਿਹਾਸ ਨਾਲ ਸਬੰਧਿਤ ਕਈ ਅਹਿਮ ਪਹਿਲੂਆਂ ਸਬੰਧੀ ਜਾਣਕਾਰੀ ਹਾਜ਼ਰ ਸਟਾਫ਼ ਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ।
     ਛੀਨਾ ਨੇ ਇਤਿਹਾਸ ਸਬੰਧੀ ਆਪਣੇ ਕੁੰਜੀਵਤ ਭਾਸ਼ਣ ’ਚ ਦੱਸਿਆ ਕਿ ਸਿੱਖੀ ਦਾ ਇਤਿਹਾਸ ਕਰੀਬ 550 ਸਾਲਾ ਪੁਰਾਣਾ ਹੈ ਅਤੇ ਯੂਨਾਨੀ, ਮੁਸਲਮਾਨਾਂ ਅਤੇ ਵਿਦੇਸ਼ੀ ਯੁੱਗਾਂ ਤੋਂ ਹੀ ਭਾਰਤੀਆਂ ਨੂੰ ਆਪਣਾ ਗੁਲਾਮ ਬਣਾ ਕੇ ਹਿੰਦੁਸਤਾਨ ’ਤੇ ਆਪਣਾ ਸ਼ਾਸ਼ਨਕਾਲ ਚਲਾਉਣਾ ਚਾਹੁੰਦੇ ਸਨ।ਉਨ੍ਹਾਂ ਕਿਹਾ ਕਿ ਸਿੱਖ ਅਜਿਹੀ ਦਲੇਰਾਨਾ, ਦਾਨਵੀਰ ਕੌਮ ਹੈ, ਜੋ ਮਜ਼ਲੂਮਾਂ ਦੀ ਰੱਖਿਆ ਅਤੇ ਕਮਜ਼ੋਰਾਂ ਨੂੰ ਸਹਾਇਤਾ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ।ਛੀਨਾ ਨੇ ਸਿੱਖੀ ਇਤਿਹਾਸ ’ਤੇ ਵੀ ਮਹੱਤਵਪੂਰਨ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ।
     ਡਾ. ਕਪੂਰ ਨੇ ਆਪਣੇ ਭਾਸ਼ਣ ’ਚ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਮਹੱਤਵਪੂਰਨ ਪਹਿਲੂਆਂ ਤੋਂ ਇਲਾਵਾ ਸਿੱਖ ਕੌਮ ਦੀ ਦੇਸ਼ ਨੂੰ ਦੇਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਇਸ ਮੌਕੇ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਦਸਵੀਂ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੌਮ ਲਈ ਦਿੱਤੀ ਸ਼ਹਾਦਤ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਲੀ ਵਿਖੇ ਕਸ਼ਮੀਰੀ ਪੰਡਿਤਾਂ ਤੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਲਾਸਾਨੀ ਕੁਰਬਾਨੀ ਬਾਰੇ ਚਾਨਣਾ ਪਾਇਆ।ਉਨ੍ਹਾਂ ਇਸ ਮੌਕੇ ਉਨ੍ਹਾਂ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੱਲੋਂ ਮੀਰੀ-ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਸਬੰਧੀ ਚਾਨਣਾ ਪਾਇਆ ਉਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਥਾਪਨਾ ਅਤੇ ਉਨ੍ਹਾਂ ਦੇ ਇਤਿਹਾਸਕ ਉਪਦੇਸ਼ਾਂ ’ਤੇ ਭਾਸ਼ਣ ਦਿੱਤਾ।
     ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕੈਂਪਸ ਵਿਖੇ ਮੁੱਖ ਮਹਿਮਾਨ ਅਤੇ ਵਿਦੇਸ਼ ਤੋਂ ਆਏ ਵਫ਼ਦ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ. ਕਪੂਰ ਵੱਲੋਂ ਸਿੱਖ ਇਤਿਹਾਸ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਅਤੇ ਸਟਾਫ਼ ਲਈ ਫ਼ਾਇਦੇਮੰਦ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਿੱਖ ਇਤਿਹਾਸ ਸਬੰਧੀ ਜਾਣਨਾ ਅਤਿ ਜਰੂਰੀ ਹੈ, ਕਿਉਂਕਿ ਜੇਕਰ ਸਾਡੇ ਬੱਚਿਆਂ ਨੂੰ ਆਪਣਾ ਸਿੱਖ ਇਤਿਹਾਸ, ਵਿਰਸੇ ਅਤੇ ਸੱਭਿਅਤਾ ਦਾ ਗਿਆਨ ਨਾ ਹੋਇਆ ਤਾਂ ਸਾਡੇ ਇਤਿਹਾਸ ਦਾ ਵਜੂਦ ਪਛੜਦਾ-ਪਛੜਦਾ ਇਕ ਦਿਨ ਆਲੋਪ ਹੋ ਜਾਵੇਗਾ।
 

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply