ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਨਿੱਜੀ ਸਕੂਲਾਂ ਨੂੰ ਪਛਾੜਦਾ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ ਕ੍ਰਿਸ਼ਨਾ ਨਗਰ ਨਵੀਆਂ ਬੁਲੰਦੀਆਂ
ਵੱਲ ਜਾ ਰਿਹਾ ਹੈ ਅਤੇ ਇਸ ਸਾਲ ਇਹ ਸਕੂਲ ਮਿਆਰੀ ਸਿੱਖਿਆ ਅਤੇ ਸਹੂਲਤਾਂ ਸਦਕਾ ਪੜ੍ਹੋ ਪੰਜਾਬ-ਪੜਾਓ ਪੰਜਾਬ ਮੁਹਿੰਮ ਵਿਚ ਜਿਲ੍ਹੇ ਵਿਚੋਂ ਮੋਹਰੀ ਰਿਹਾ ਹੈ, ਜਿਸ ਸਦਕਾ ਰਾਜ ਸਰਕਾਰ ਵੱਲੋਂ ਡੇਢ ਲੱਖ ਰੁਪਏ ਦਾ ਇਨਾਮ ਸਕੂਲ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਐਲੀਮੈਂਟਰੀ ਸਿਖਿਆ ਅਫਸਰ ਸ਼ਿਸ਼ੂਪਾਲ ਨੇ ਦੱਸਿਆ ਕਿ ਪੜ੍ਹੇ ਪੰਜਾਬ ਪੜਾਓ ਪੰਜਾਬ ਅਧੀਨ ਜਿਲੇ੍ਹ ਵਿੱਚ ਇਹ ਸਕੂਲ ਨੰਬਰ 1 ‘ਤੇ ਹੈ ਅਤੇ ਇਸ ਸਕੂਲ ਦਾ ਨਤੀਜਾ 99.36 ਫੀਸਦੀ ਆਇਆ ਹੈ।ਉਨਾਂ ਦੱਸਿਆ ਕਿ ਇਸ ਸਕੂਲ ਵਿੱਚ ਸਰਕਾਰ ਵੱਲੋਂ ਦਿੱਤੀ ਜਾਂਦੀ ਮਿਡ ਡੇ ਮੀਲ ਸਕੀਮ ਅਧੀਨ ਬੱਚਿਆਂ ਨੂੰ ਮਿਆਰੀ ਖਾਣਾ ਵੀ ਦਿੱਤਾ ਜਾਂਦਾ ਹੈ ਅਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਿਤਾਬਾਂ ਦੀ ਮਿਲ ਚੁੱਕੀਆਂ ਹਨ।ਇਸ ਸਕੂਲ ਵਿੱਚ ਪਹਿਲੀ ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਵਧੀਆ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਸਕੂਲ ਦੀ ਇਮਾਰਤ ਦੀ ਦਿੱਖ ਵੀ ਬਹੁਤ ਵਧੀਆ ਹੈ।
ਜਿਲ੍ਹਾ ਐਲੀਮੈਂਟਰੀ ਸਿਖਿਆ ਅਫਸਰ ਨੇ ਦੱਸਿਆ ਕਿ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੇ ਮੱਦੇਨਜ਼ਰ ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।ਇਸ ਸਮੇਂ ਸਕੂਲ ਵਿੱਚ 204 ਬੱਚੇ ਪ੍ਰਾਇਮਰੀ ਅਤੇ 36 ਬੱਚੇ ਪ੍ਰੀ ਪ੍ਰਾਇਮਰੀ ਦੀ ਸਿਖਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਸਕੂਲ ਪਹਿਲੇ ਨੰਬਰ ’ਤੇ ਆ ਕੇ 1.5 ਲੱਖ ਰੁਪਏ ਇਨਾਮ ਵੀ ਜਿੱਤ ਚੁੱਕਾ ਹੈ।
ਇਸ ਸਕੂਲ ਦੇ ਹੈਡਮਾਸਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਕੂਲ ਦੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਾਂਗ ਹੀ ਸਿਖਿਆ ਪ੍ਰਦਾਨ ਕੀਤੀ ਜਾਂਦੀ ਹੈ।ਹੈਡਮਾਸਟਰ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਸਟਾਫ ਵੱਲੋਂ ਆਪਣੇ ਕੋਲੋਂ ਹਰ ਮਹੀਨੇ 9800/- ਰੁਪਏ ਇਕੱਠੇ ਕਰਕੇ ਸਕੂਲ ਦੀ ਸਫਾਈ, ਰੰਗ ਰੋਗਨ ਕਰਵਾ ਕੇ ਸਕੂਲ ਨੂੰ ਨਵੀਂ ਦਿੱਖ ਦਿੱਤੀ ਗਈ ਹੈ।ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੀਜਲ ਰੁਬੈਲਾ ਮੁਹਿੰਮ ਦੋਰਾਨ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਕੇ 90 ਫੀਸਦੀ ਬੱਚਿਆਂ ਨੂੰ ਟੀਕੇ ਵੀ ਲਗਵਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਸਕੂਲ ਪੰਜਾਬ ਦੇ 20 ਸਕੂਲਾਂ ਵਿੱਚੋਂ 10ਵੇਂ ਨੰਬਰ `ਤੇ ਆਇਆ ਹੈ ਅਤੇ ਇਸ ਸਕੂਲ ਦੇ ਅਧਿਆਪਕ ਸ੍ਰੀਮਤੀ ਅੰਮ੍ਰਿਤ ਕੌਰ, ਵੀਨਾ ਕੁਮਾਰੀ, ਗਾਇਤਰੀ, ਕਮਲਪ੍ਰੀਤ ਕੌਰ, ਮੀਨਾਕਸ਼ੀ ਅਤੇ ਹਰਪਾਲਜੀਤ ਕੌਰ ਵੱਲੋਂ ਵੀ ਬੱਚਿਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਇਆ ਜਾਂਦਾ ਹੈ।
ਸਕੂਲ ਦੀ ਅਧਿਆਪਕਾ ਸ੍ਰੀਮਤੀ ਗਾਇਤਰੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਿਖਿਆ ਦੇਣ ਲਈ ਨਵੇਂ ਤਰੀਕਿਆਂ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੀ ਲਿਖਾਈ ਸੁਧਾਰਨ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media