ਯੋਗ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਅਨੇਕਾਂ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ – ਡਾ. ਭੰਡਾਰੀ
ਧੂਰੀ, 20 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਨਵ ਕਲਿਆਣ ਯੋਗ ਟਰੱਸਟ ਅਤੇ ਭਾਰਤੀ ਯੋਗ ਸੰਸਥਾਨ ਵੱਲੋਂ ਸਾਂਝੇ ਤੌਰ `ਤੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿੱਤ ਇੱਕ ਤਿੰਨ ਰੋਜਾ ਯੋਗ ਕੈਂਪ ਲਗਾਇਆ ਗਿਆ।ਅੱਜ ਕੈਂਪ ਦੇ ਦੂਸਰੇ ਦਿਨ ਨੈਚੁਰੋਪੈਥੀ ਦੇ ਮਾਹਰ ਡਾ. ਹਰਪ੍ਰੀਤ ਭੰਡਾਰੀ, ਆਯੁਵੈਦਿਕ ਡਾ. ਰਵੀ ਕਾਂਤ ਮਦਾਨ, ਡਾ. ਅਮਨ ਕੌਸ਼ਲ ਅਤੇ ਡਾ. ਰਾਕੇਸ਼ ਕੁਮਾਰ ਇਸ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ।ਇਸ ਮੌਕੇ ਸੈਂਕੜੇ ਯੋਗ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਡਾ. ਹਰਪ੍ਰੀਤ ਭੰਡਾਰੀ ਨੇ ਕਿਹਾ ਕਿ ਮੁਕਾਬਲੇ ਦੇ ਯੁੱਗ ਵਿੱਚ ਵਿਅਕਤੀ ਨੂੰ ਕੁਦਰਤ `ਤੇ ਭਰੋਸਾ ਹੀ ਨਹੀਂ ਰਿਹਾ, ਜਦੋਂਕਿ ਕੁਦਰਤੀ ਇਲਾਜ਼ ਪ੍ਰਣਾਲੀ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਠੀਕ ਹੋਣ ਦੇ ਪ੍ਰਮਾਣ ਲਗਾਤਾਰ ਮਿਲ ਰਹੇ ਹਨ।ਉਹਨਾਂ ਨੇ ਲੋਕਾਂ ਨੇ ਯੋਗ ਦੇ ਨਾਲ-ਨਾਲ ਨੈਚੁਰੋਪੈਥੀ ਨਾਲ ਜੁੜਣ ਦੀ ਗੱਲ ਕਰਦਿਆਂ ਪੇਟ ਉੱਪਰ ਮਿੱਟੀ ਲੇਪ ਕਰਨ ਦੇ ਲਾਭ ਵੀ ਦੱਸੇ।
ਇਸ ਮੌਕੇ ਡਾ. ਰਵੀ ਕਾਂਤ ਮਦਾਨ ਨੇ 6 ਰਸਾਂ ਦੇ ਸੇਵਨ ਦੇ ਲਾਭ ਦੱਸਦਿਆਂ 6 ਰਸਾਂ ਬਾਰੇ ਵਿਸਥਾਰ `ਚ ਦੱਸਿਆ।ਡਾ. ਅਮਨ ਕੌਸ਼ਲ ਨੇ ਯੋਗ ਦੇ ਲਾਭ ਦੱਸਦਿਆਂ ਯੋਗ ਆਸਨਾਂ ਅਤੇ ਪ੍ਰਣਾਯਾਮ ਨੂੰ ਸਹੀ ਤਰੀਕੇ ਨਾਲ ਕਰਨ ਦੀ ਗੱਲ `ਤੇ ਜ਼ੋਰ ਦਿੰਦਿਆਂ ਕਿਹਾ ਕਿ ਗਲਤ ਤਰੀਕੇ ਨਾਲ ਪ੍ਰਣਾਯਾਮ ਅਤੇ ਆਸਨ ਕਰਨ ਨਾਲ ਸਾਨੂੰ ਕਈ ਵਾਰੀ ਨੁਕਸਾਨ ਵੀ ਹੋ ਸਕਦਾ ਹੈ।ਉਹਨਾਂ ਦੱਸਿਆ ਕਿ `ਓਮ` ਦਾ ਜਾਪ ਕਰਨ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ।ਡਾ. ਰਾਕੇਸ਼ ਕੁਮਾਰ ਨੇ ਮਾਨਵ ਕਲਿਆਣ ਯੋਗ ਟਰੱਸਟ ਅਤੇ ਭਾਰਤੀ ਯੋਗ ਸੰਸਥਾਨ ਵੱਲੋਂ ਲਗਾਏ ਗਏ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਨਵ ਕਲਿਆਣ ਯੋਗ ਟਰੱਸਟ ਦੇ ਸੰਚਾਲਕ ਬਾਬਾ ਜਗਤਾਰ ਸਿੰਘ, ਰੂਪ ਲਾਲ ਅਤੇ ਭਾਰਤੀ ਯੋਗ ਸੰਸਥਾਨ ਦੇ ਧੂਰੀ ਇਕਾਈ ਦੇ ਪ੍ਰਧਾਨ ਮਦਨ ਲਾਲ, ਹੰਸ ਰਾਜ ਅਤੇ ਪ੍ਰਵੀਨ ਕੁਮਾਰ, ਅੰਜੂ ਰਾਣੀ, ਮਨਜੀਤ ਕੌਰ ਆਦਿ ਵਲੋਂ ਯੋਗ ਪ੍ਰੇਮੀਆਂ ਨੂੰ ਯੋਗ ਆਸਨ ਅਤੇ ਪ੍ਰਣਾਯਾਮ ਦਾ ਅਭਿਆਸ ਕਰਵਾਇਆ ਗਿਆ ਅਤੇ ਡਾ. ਹਰਪ੍ਰੀਤ ਭੰਡਾਰੀ ਸਮੇਤ ਡਾ. ਰਵੀ ਕਾਂਤ ਮਦਾਨ, ਡਾ. ਅਮਨ ਕੌਸ਼ਲ ਅਤੇ ਡਾ. ਰਾਕੇਸ਼ ਕੁਮਾਰ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ।ਇਸ ਮੌਕੇ ਪਵਨ ਕੁਮਾਰ ਐਡਵੋਕੇਟ ਪ੍ਰਧਾਨ ਰਾਮ ਬਾਗ ਸੋਸਾਇਟੀ, ਗੋਪਾਲ ਦਾਸ, ਸਤੀਸ਼ ਕੁਮਾਰ, ਸੁਸ਼ੀਲ ਕੁਮਾਰ, ਭਾਗ ਸਿੰਘ, ਅਸ਼ੋਕ ਕੁਮਾਰ, ਕ੍ਰਿਸ਼ਨ ਕੁਮਾਰ ਆਦਿ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।