ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਝੋਨੇ ਅਤੇ ਬਾਸਮਤੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੇ ਖੁਰਾਕੀ ਤੱਤਾਂ ( ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ ( ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ।ਇਹ ਵਿਚਾਰ ਡਾ: ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ: ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਦੇ ਪਿੰਡ ਗੁੱਲਪੁਰ ਸਿੰਬਲੀ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਗਾਏ ਫਾਰਮ ਸਕੂਲ ਦੇ ਦੂਜੇ ਸ਼ੈਸ਼ਨ ਵਿੱਚ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਲਗਾਏ ਗਏ ਫਾਰਮ ਸਕੂਲ ਦੇ ਦੂਜੇ ਸ਼ੈਸ਼ਨ ਮੌਕੇ ਡਾ. ਮਨਦੀਪ ਕੌਰ ਖੇਤੀ ਵਿਕਾਸ ਅਫਸਰ, ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ, ਗੁਰਪ੍ਰੀਤ ਸਿੰਘ ਬਲਾਕ ਟੈਕਨਾਲੋਜੀ ਮੈਨੇਜ਼ਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ, ਰਾਕੇਸ਼ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਘਰ ਘਰ ਹਰਿਆਲੀ ਤਹਿਤ ਛਾਂਦਾਰ ਬੂਟੇ ਕਿਸਾਨਾਂ ਨੂੰ ਮੁਫਤ ਵੰਡੇ ਗਏ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮਕਰਕੇ ਕਣਕ ਦੀ ਫਸਲ ਨੂੰ 55 ਡੀ.ਏ.ਪੀ ਖਾਦ ਬਿਜਾਈ ਸਮੇਂ ਪਾਈ ਜਾਂਦੀ ਹੈ,ਜਿਸ ਦਾ 20-25% ਹਿੱਸਾ ਕਣਕ ਦੀ ਫਸਲ ਲੈਂਦੀ ਹੈ ਜਦ ਕਿ ਬਾਕੀ ਹਿੱਸਾ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ।ਉਨਾਂ ਕਿਹਾ ਕਿ ਡੀ ਏ ਪੀ ਦਾ ਬਚਿਆ ਹਿੱਸਾ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕਰਨ ਨਾਲ ਵਰਤੋਂਯੋਗ ਹਾਲਤ ਵਿੱਚ ਆ ਜਾਂਦਾ ਹੈ ਜੋ ਝੋਨੇ ਦੀ ਫਸਲ ਲੈ ਲੈਂਦੀ ਹੈ,ਇਸ ਲਈ ਜੇਕਰ ਕਣਕ ਦੀ ਫਸਲ ਨੂੰ ਡੀ ਏ ਪੀ ਦੀ ਪੂਰੀ ਮਾਤਰਾ ਕਣਕ ਦੀ ਫਸਲ ਨੂੰ ਪਾਈ ਗਈ ਹੈ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੁਰਤ ਨਹੀਂ ਹੈ।ਡਾ. ਮਨਦੀਪ ਕੌਰ ਨੇ ਕਿਹਾ ਕਿ ਬਾਸਮਤੀ ਦੀ ਫਸਲ ਨੂੰ ਰੋਗ ਮੁਕਤ ਰੱਖਣ ਲਈ ਪਨੀਰੀ ਦੀ ਲਵਾਈ ਤੋਂ ਪਹਿਲਾਂ ਪਨੀਰੀ ਦੀਆ ਜੜਾਂ ਨੂੰ ਸੋਧ ਲੈਣਾ ਚਾਹੀਦਾ।ਉਨਾਂ ਕਿਹਾ ਕਿ ਕਿਸਾਨ ਆਪਣੀਆਂ ਸਮੱਸਿਆਂਵਾਂ ਦੇ ਹੱਲ ਲਈ ਆਮ ਕਰਕੇ ਦੁਕਾਨਦਾਰਾਂ ਤੇ ਕਰਦੇ ਹਨ, ਜਿਸ ਨਾਲ ਕਈ ਵਾਰੀ ਫਾਇਦੇ ਦੀ ਬਿਜਾਏ ਨੁਕਸਾਨ ਹੋ ਜਾਂਦਾ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਅਖੀਰ ਵਿੱਚ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ ਨੇ ਹਾਜ਼ਰ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …