ਪਠਾਨਕੋਟ, 24 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸੂਬੇ ਨੂੰ ਹਰਾ-ਭਰਾ ਤੇ ਤੰਦਰੁਸਤ ਬਣਾਉਣ ਲਈ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਇਕ ਮੋਬਾਇਲ ਐਪ ‘ਆਈ-ਹਰਿਆਲੀ‘ ਸ਼ੁਰੂ ਕੀਤੀ ਹੈ, ਜਿਸ ਜਰੀਏ ਘਰ ਬੈਠਿਆਂ ਹੀ ਸੂਬੇ ਦਾ ਕੋਈ ਵੀ ਨਾਗਰਿਕ ਇੱਕ ਬਟਨ ਦੇ ਕਲਿਕ ਰਾਹੀਂ ਆਸਾਨੀ ਨਾਲ ਆਪਣੀ ਪਸੰਦ ਦੇ ਬੂਟੇ ਬੁੱਕ ਕਰ ਸਕਦਾ ਹੈ।
‘ਆਈ ਹਰਿਆਲੀ‘ ਐਪ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਆਈ.ਏ.ਐਸ ਪਠਾਨਕੋਟ ਨੇ ਦੱਸਿਆ ਕਿ ਇਸ ਐਪ ਰਾਹੀਂ ਮਿਲਣ ਵਾਲੀ ਇਸ ਸਹੂਲਤ ਜ਼ਰੀਏ ਹਰ ਨਾਗਰਿਕ ਆਪਣੀ ਸਭ ਤੋਂ ਨੇੜਲੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੋਂ ਮੁਫ਼ਤ ਡਾਊਨ ਲੋਡ ਕੀਤਾ ਜਾ ਸਕਦਾ ਹੈ।ਇਸ ਐਪ ਨੂੰ ਸ਼ੁਰੂ ਕਰਨ ਦਾ ਉਦੇਸ਼ ਬਰਸਾਤ ਦੇ ਚਾਲੂ ਸੀਜ਼ਨ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਵਾਤਾਵਰਣ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਉਨ੍ਹਾਂਂ ਕਿਹਾ ਕਿ ਸਰਕਾਰ ਵਲੋਂ ਹਰ ਨਾਗਰਿਕ ਲਈ ਬੂਟੇ ਲਗਾਉਣ ਦੇ ਨਾਲ-ਨਾਲ ਇਨਾਂ ਦੀ ਸਾਂਭ-ਸੰਭਾਲ ਵੀ ਕਰਨੀ ਜ਼ਰੂਰੀ ਸ਼ਰਤ ਮਿਥੀ ਗਈ ਹੈ, ਕਿਉਂਕਿ ਬੂਟੇ ਲਾਉਣੇ ਤੇ ਪਾਲਣੇ ਇੱਕੋ ਜਿੰਨੇ ਜ਼ਰੂਰੀ ਹਨ ਤਾਂ ਹੀ “ਮਿਸ਼ਨ ਤੰਦਰੁਸਤ ਪੰਜਾਬ” ਦੇ ਮਕਸਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਟਿਆਂ ਦੀ ਬੁਕਿੰਗ ਉਪਰੰਤ ਨੇੜਲੀ ਨਰਸਰੀ ਦੇ ਮੁਲਾਜ਼ਮ ਜਾਂ ਫਾਰੈਸਟ ਗਾਰਡ ਦਾ ਮੋਬਾਈਲ ਨੰਬਰ ਬੂਟੇ ਬੁੱਕ ਕਰਨ ਵਾਲੇ ਵਿਅਕਤੀ ਦੇ ਮੋਬਾਈਲ ‘ਤੇ ਇੱਕ ਮੈਸੇਜ ਰਾਹੀਂ ਪਹੁੰਚ ਜਾਵੇਗਾ। ਇਸ ਪ੍ਰਕਿਰਿਆ ਰਾਹੀਂ ਇੱਕ ਨਾਗਰਿਕ ਨੂੰ ਵੱਧ ਤੋਂ ਵੱਧ 25 ਬੂਟੇ ਦਿੱਤੇ ਜਾਣਗੇਐਪ ਰਾਹੀਂ ਬੁੱਕ ਕੀਤੇ ਬੂਟੇ ਨਰਸਰੀ ਵੱਲੋਂ ਆਪਣੇ ਮੁਲਾਜ਼ਮਾਂ ਤੇ ਬੁੱਕ ਕਰਨ ਵਾਲੇ ਵਿਅਕਤੀ ਨਾਲ ਆਪਸੀ ਤਾਲਮੇਲ ਰਾਹੀਂ ਮੁਫ਼ਤ ਸਪਲਾਈ ਕੀਤੇ ਜਾਣਗੇ।
ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਫ਼ਲ ਬਣਾਉਣ ਲਈ ਬਰਸਾਤ ਦੇ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਾ ਕੇ ਪੰਜਾਬ ਨੂੰ ਇੱਕ ਵਾਰ ਫੇਰ ਤੋਂ ਹਰਾ-ਭਰਾ ਬਣਾਉਣ ਵਿੱਚ ਆਪਣਾ ਨਿੱਗਰ ਯੋਗਦਾਨ ਪਾਉਣ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …