ਅੰਮ੍ਰਿਤਸਰ, 3- ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਏਅਰ ਇੰਡੀਆ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਇਹ ਜਾਣਕਾਰੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜੈਅੰਤ ਸਿਨਹਾ ਨੇ ਗ਼ੈਰ ਸਰਕਾਰੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਵਫ਼ਦ ਅਤੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਅਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਵਿਜੈ ਸਾਂਪਲਾ ਨੂੰ ਨਵੀਂ ਦਿੱਲੀ ਸਥਿਤ ਸ਼ਹਿਰੀ ਹਵਾਬਾਜ਼ੀ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਦਿੱਤੀ।ਇਹ ਉਡਾਣ ਲੰਡਨ ਦੇ ਹੀਥਰੋ ਹਵਾਈ ਅੱਡੇ ਦੀ ਬਜਾਏ ਲੰਡਨ ਦੇ ਨੇੜਲੇ ਲੂਟੋਨ ਹਵਾਈ ਅੱਡੇ ਲਈ ਹੋਵੇਗੀ।ਇਸ ਉਡਾਣ ਨਾਲ ਵੱਡੀ ਗਿਣਤੀ ’ਚ ਲੰਡਨ ਵਿੱਚ ਵਸਦੇ ਪੰਜਾਬੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਛੇਤੀ ਪੂਰੀ ਹੋਣ ਦੀ ਸੰਭਾਵਨਾ ਹੈ।ਪਰ ਇਸ ਨਾਲ ਯੂਰਪ, ਕੈਨੇਡਾ ਅਤੇ ਅਮਰੀਕਾ ਆਉਣ ਜਾਣ ਵਾਲੇ ਯਾਤਰੂਆਂ ਲਈ ਕੋਈ ਸਹੂਲਤ ਉਲੱਪਬਧ ਨਹੀਂ ਹੋਵੇਗੀ, ਕਿਉਂਕਿ ਲੂਟੋਨ ਤੋਂ ਇਨ੍ਹਾਂ ਮੁਲਕਾਂ ਲਈ ਕੋਈ ਵੀ ਉਡਾਣ ਨਹੀਂ ਜਾਂਦੀ।
ਬ੍ਰਿਟਿਸ਼ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਅੰਮ੍ਰਿਤਸਰ ਵਿਕਾਸ ਮੰਚ ਅਤੇ ਸੇਵਾ ਟਰੱਸਟ ਯੂ.ਕੇ ਦੇ ਸਹਿਯੋਗ ਨਾਲ ਇਸ ਸਾਲ ਦੇ ਅਪ੍ਰੈਲ ਵਿੱਚ, ਯੂ.ਕੇ ਦੀ ਸੰਸਦ ਵਿੱਚ ਇਸ ਸੰਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ।ਜਿਸ ਵਿੱਚ ਲੰਡਨ ਦੇ ਹੀਥਰੋ ਹਵਾਈ ਅੱਡੇ ਅਤੇ ਅੰਮ੍ਰਿਤਸਰ ਵਿਚਾਲੇ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਵਫ਼ਦ ਨੇ ਕੇਂਦਰੀ ਮੰਤਰੀ ਸਿਨਹਾ ਨੂੰ ਬੇਨਤੀ ਕੀਤੀ ਕਿ ਓਮਾਨ, ਦੁਬਈ, ਅਬੂ ਧਾਬੀ, ਤੁਰਕੀ, ਹਾਂਗਕਾਂਗ ਆਦਿ ਲਈ ਦੁਵੱਲੇ ਹਵਾਈ ਸੇਵਾਵਾਂ ਦੇ ਸਮਝੌਤੇ ਵਿੱਚ ਅੰਮ੍ਰਿਤਸਰ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਦੇਸ਼ਾਂ ਦੀਆਂ ਹਵਾਈ ਕੰਪਨੀਆਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰ ਸਕਣ।ਮੰਤਰੀ ਨੇ ਇਸ ਮੰਗ ਨੂੰ ਖਾਰਿਜ਼ ਕਰਦੇ ਹੋਏ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਯਾਤਰੂ ਭਾਰਤੀ ਹਵਾਈ ਅੱਡਿਆਂ ਦੀ ਥਾਂ ਤੇ ਇਨ੍ਹਾਂ ਹਵਾਈ ਅੱਡਿਆਂ ਰਾਹੀਂ ਯੂਰਪ, ਕੈਨੇਡਾ, ਅਮਰੀਕਾ ਆਦਿ ਮੁਲਕਾਂ ਨੂੰ ਜਾਣ। ਉਹ ਦਿੱਲੀ ਸਮੇਤ 6 ਮੈਟਰੋ ਹਵਾਈ ਅੱਡਿਆਂ ਨੂੰ ਹੱਬ ਰੱਖਣਾ ਚਾਹੁੰਦੇ ਹਾਂ।
ਮੰਚ ਨੇ ਅੰਮ੍ਰਿਤਸਰ-ਨੰਦੇੜ ਉਡਾਣ ਨੂੰ ਦੋ ਦਿਨ ਤੋਂ ਵਧਾ ਕੇ ਹਫ਼ਤੇ ਵਿੱਚ ਘੱਟ ਤੋਂ ਘੱਟ 4 ਦਿਨ ਲਈ ਕਰਨ ਦੀ ਮੰਗ ਵੀ ਕੀਤੀ, ਤਾਂ ਉਨ੍ਹਾਂ ਨੇ ਇਸ ਲਈ ਸਹਿਮਤੀ ਪ੍ਰਗਟ ਕੀਤੀ।ਮੰਚ ਨੇ ਹਵਾਈ ਅੱਡੇ ਦੇ ਮੌਜੂਦਾ ਬੁਨਿਆਦੀ ਢਾਂਚੇ ਜਿਵੇਂ ਕਿ ਚਾਰੇ ਐਰੋਬ੍ਰਿਜ ਨੂੰ ਚਲਾਉਣ ਸੰਬੰਧੀ, ਟਰਮੀਨਲ ਦਾ ਵਿਸਥਾਰ, ਪਹਿਲੀ ਮੰਜ਼ਲ ਦੇ ਵਿਸਥਾਰ ਲਈ ਹੋ ਰਹੇ ਕੰਮ ਨੂੰ ਜਲਦੀ ਪੂਰਾ ਕਰਨ, ਹਵਾਈ ਜਹਾਜ਼ਾਂ ਦੀ ਪਾਰਕਿੰਗ ਲਈ ਐਪਰਨ ਨਾਲ ਸੰਬੰਧਤ ਮਾਮਲਿਆਂ ਤੇ ਵਿਚਾਰ-ਵਟਾਂਦਰਾ ਵੀ ਕੀਤਾ।
ਵਫ਼ਦ ਨੇ ਮੰਤਰੀ ਵਿਜੈ ਸਾਂਪਲਾ ਦੇ ਨਾਲ ਸੰਸਦ ਭਵਨ ਵਿੱਚ ਸੈਰ ਸਪਾਟੇ ਦੇ ਰਾਜ ਮੰਤਰੀ ਸ੍ਰੀ ਕੇ.ਜੇ ਐਲਫੋਸ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੇ ਸਾਰੇ ਪ੍ਰਮੁੱਖ ਸੈਲਾਨੀ ਸਥਾਨਾਂ ਜਿਵੇਂ ਜੈਪੁਰ, ਪਟਨਾ, ਵਾਰਾਨਸੀ, ਕੋਲਕਾਤਾ, ਚੇਨਈ, ਲਖਨਊ, ਗੋਆ ਨਾਲ ਉਡਾਨ `ਉਦੈਦੇਸ਼ ਕਾ ਆਮ ਨਾਗਰਿਕ` ਸਕੀਮ ਨਾਲ ਜੋੜਨ ਦੀ ਬੇਨਤੀ ਕੀਤੀ।
ਮੰਚ ਦੇ ਵਫ਼ਦ ਵਿੱਚ ਸ਼ਾਮਲ ਮਨਜੀਤ ਸਿੰਘ ਸੈਣੀ, ਮਨਮੋਹਨ ਸਿੰਘ, ਯੋਗੇਸ਼ ਕਾਮਰਾ, ਅੰਮ੍ਰਿਤ ਲਾਲ ਮੰਨਣ, ਹਰਦੀਪ ਸਿੰਘ ਚਾਹਲ ਅਤੇ ਦਲਜੀਤ ਸਿੰਘ ਸੈਣੀ ਸ਼ਾਮਿਲ ਨੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਅਤੇ ਹੁਸ਼ਿਆਰਪੁਰ ਦੇ ਸਮਾਜ ਸੇਵਕ ਸੰਜੀਵ ਤਲਵਾੜ ਦਾ ਇਨ੍ਹਾਂ ਮੀਟਿੰਗਾਂ ਦਾ ਪ੍ਰਬੰਧ ਕਰਾਉਣ ਲਈ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …