ਮਾਈ ਭਾਗੋ ਸਕੂਲ ਰੱਲਾ `ਚ ਨੈਤਿਕ ਕਦਰਾਂ ਕੀਮਤਾਂ ਵਿਸ਼ੇ `ਤੇ ਸੈਮੀਨਾਰ
ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ‘ਨੈਤਿਕ ਕਦਰਾਂ ਕੀਮਤਾਂ ਦਾ ਵਿਦਿਆਰਥੀ ਜੀਵਨ ਵਿੱਚ ਯੋਗਦਾਨ` ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ। ਨਾਵਲਕਾਰ ਪ੍ਰਗਟ ਸਤੌਜ ਨੇ ਇਸ ਸੈਮੀਨਾਰ ਵਿੱਚ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਉਹਨਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਤਿਕ ਗੁਣਾਂ ਤੋਂ ਵਿਰਵਾ ਮਨੁੱਖ ਸਮਾਜ ਲਈ ਨੁਕਸਾਨਦਾਇਕ ਹੁੰਦਾ ਹੈ, ਕਿਊਂਕਿ ਉਸ ਵਿੱਚ ਸੰਵੇਦਨਸ਼ੀਲਤਾ ਦੀ ਘਾਟ ਹੁੰਦੀ ਹੈ।ਉਹਨਾਂ ਨੇ ਵਿਦਿਆਰਥਣਾਂ ਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ-ਨਾਲ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਹਿਤ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ ਅਤੇ ਵਿਅਕਤੀ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ।ਸਾਹਿਤਕ ਪੁਸਤਕਾਂ ਵਿੱਚੋਂ ਹਾਸਲ ਕੀਤਾ ਨੈਤਿਕ ਗਿਆਨ ਹੀ ਵਿਅਕਤੀ ਨੂੰ ਇੱਕ ਵਧੀਆ ਇਨਸਾਨ ਵਜੋਂ ਸਮਾਜ ਵਿੱਚ ਵਿਚਰਨਾ ਸਿਖਾਉਂਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਨਵੀਂ ਪੀੜ੍ਹੀ ਨੈਤਿਕ ਕਦਰਾਂ ਕੀਮਤਾਂ ਨੂੰ ਅੱਖੋਂ-ਪਰੋਖੇ ਕਰਕੇ ਆਧੁਨਿਕ ਬਣਨ ਦੀ ਦੌੜ ਵਿੱਚ ਲੱਗੀ ਹੋਈ ਹੈ।ਪਰ ਨੈਤਿਕਤਾ ਤੋਂ ਵਿਰਵੇਂ ਲੋਕ ਸਮਾਜ ਵਿੱਚ ਲੁੱਟਾਂ-ਖੋਹਾਂ, ਚੋਰੀ ਦੀਆਂ ਵਾਰਦਾਤਾਂ, ਲੜਾਈ-ਝਗੜੇ, ਨਸ਼ਾਖੋਰੀ ਅਤੇ ਨਾਬਲਗ ਬੱਚੀਆਂ ਤੇ ਔਰਤਾਂ ਨਾਲ ਜ਼ਬਰ ਜਿਨਾਹ ਵਰਗੀਆਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।ਟੈਲੀਵੀਜਨ ਰਾਹੀਂ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਂ `ਤੇ ਪਰੋਸੇ ਜਾ ਰਹੇ ਗੈਰ ਮਿਆਰੀ ਪ੍ਰੋਗਰਾਮਾਂ ਨੂੰ ਦੇਖ ਕੇ ਗੁਲਾਮ ਮਾਨਸਿਕਤਾ ਵਾਲੇ ਨਾਗਰਿਕ ਪੈਦਾ ਹੋ ਰਹੇ ਹਨ ਅਤੇ ਅਜਿਹੀ ਗੁਲਾਮ ਮਾਨਸਿਕਤਾ ਵਾਲੇ ਵਿਅਕਤੀ ਨਸ਼ਾਖੋਰੀ ਅਤੇ ਗੈਰ ਸਮਾਜੀ ਗਤੀਵਿਧੀਆਂ ਕਰ ਰਹੇ ਹਨ। ਪਰਮਿੰਦਰ ਕੌਰ 11ਵੀਂ (ਨਾਨ-ਮੈਡੀਕਲ), ਨਵਦੀਪ ਕੌਰ 11ਵੀਂ (ਆਰਟਸ) ਅਤੇ ਸੁਪਿੰਦਰ ਕੌਰ 12ਵੀਂ (ਨਾਨ-ਮੈਡੀਕਲ) ਨੇ ਵੀ ਨੈਤਿਕ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਿੰਸੀਪਲ ਸੁਰਿੰਦਰ ਕੌਰ ਨੇ ਨਾਵਲਕਾਰ ਪ੍ਰਗਟ ਸਤੌਜ ਦਾ ਧੰਨਵਾਦ ਕਰਦਿਆਂ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਗੁਰਵਿੰਦਰ ਸਿੰਘ ਨੇ ਬਾਖੂਬੀ ਨਿਭਾਈ।ਇਸ ਮੌਕੇ ਪੱਤਰਕਾਰ ਕਰਨ ਭੀਖੀ, ਵਾਈਸ ਪ੍ਰਿੰਸੀਪਲ ਕੁਲਜੀਤ ਕੌਰ, ਅਧਿਆਪਕਾ ਸੁਖਪਾਲ ਕੌਰ, ਕਰਨਦੀਪ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਜਿੰਦਰ ਕੌਰ, ਮਨੀਸ਼ਾ, ਰਾਜਦੀਪ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥਣਾਂ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …