ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣਅੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਥਾ ਨੂੰ

ਨਿਭਾਉਂਦੇ ਹੋਏ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਦਿਵਸ ਮਨਾਇਆ ਗਿਆ।ਐਜੂਕੇਸ਼ਨ ਕਾਲਜ ਦੇ ਸਮੂੰਹ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਕਰਨ ਲਈ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਨ ਲਈ ਅਰਦਾਸ ਕੀਤੀ ਗਈ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਯਤਨਾਂ ਨਾਲ ਆਰੰਭ ਪ੍ਰੋਗਰਾਮ ’ਚ ਵਿਦਿਆਰਥੀਆਂ ਵੱਲੋਂ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਰਸਭਿੰਨਾ ਕੀਰਤਨ ਕੀਤਾ ਗਿਆ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਅਰਦਾਸ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ’ਚ ਆਉਣ ਦੀ ਵਧਾਈ ਦਿੱਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਵਿਦਿਆਰਥੀਆਂ ਨੂੰ ਪ੍ਰਣ ਕਰਨ ਲਈ ਕਿਹਾ ਕਿ ਆਪਣੇ ਇਸ ਸਤਿਕਾਰਯੋਗ ਕਿਤੇ ਦੀ ਇੱਜ਼ਤ ਅਤੇ ਸਨਮਾਨ ਕਰਦੇ ਹੋਏ ਉਹ ਭਵਿੱਖ ’ਚ ਕੁਸ਼ਲ ਅਧਿਆਪਕ ਬਣ ਕੇ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਨਗੇ।ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਨਵੀਂਆਂ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ ਅਤੇ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।