Sunday, June 29, 2025
Breaking News

ਮਾਮਲਾ ਨਵੰਬਰ ੮੪ ਕਤਲੇਆਮ ਪੀੜਤ ਤੇ ਜਾਨ ਲੇਵਾ ਹਮਲੇ ਦਾ —-ਪੁੱਤਰ, ਭਤੀਜੇ ਅਤੇ ਤਿੰਨ ਸਰਕਾਰੀ ਗੰਨਮੈਨਾਂ ਸਮੇਤ ਗਿਆਨੀ ਪੂਰਨ ਸਿੰਘ ਖਿਲਾਫ ਕੇਸ ਦਰਜ

ਇਨਸਾਫ ਮਿਲਣ ਤੀਕ ਭੁੱਖ ਹੜਤਾਲ ਜਾਰੀ ਰਹੇਗੀ-ਬਾਬਾ ਦਰਸ਼ਨ ਸਿੰਘ

PPN3250205

ਅੰਮ੍ਰਿਤਸਰ, 25 ਫਰਵਰੀ (ਨਰਿੰਦਰ ਪਾਲ ਸਿੰਘ)- ਨਵੰਬਰ ‘੮੪ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦੇ ਮੁੜ ਵਸੇਬੇ ਲਈ ਅੰਮ੍ਰਿਤਸਰ-ਤਰਨਤਾਰਨ ਮਾਰਗ ਤੇ ਉਸਾਰੀ ਗਈ ਕਲੋਨੀ ਤੋਂ ਗੈਰ ਕਾਨੂੰਨੀ ਕਬਜੇ ਛੁਡਵਾਉਣ ਲਈ ਬੀਤੇ ਕੱਲ੍ਹ ਪੀੜਤ ਪ੍ਰੀਵਾਰਾਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਈ।ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਉਸਦੇ ਲੜਕੇ ਅਜੈ ਸਿੰਘ ਅਤੇ ਭਤੀਜੇ ਅਜਮੇਰ ਸਿੰਘ ਸਮੇਤ ਤਿੰਨ ਸਰਕਾਰੀ ਗੰਨਮੈਨਾਂ ਖਿਲਾਫ ਥਾਣਾ ਚਾਟੀਵਿੰਡ ਦੀ ਪੁਲਿਸ ਨੇ ਜ਼ੇਰੇ ਧਾਰਾ 323੩,506,447,148,149 ਇੰਡੀਅਨ ਪੈਨਲ ਕੋਡ ਕੇਸ ਦਰਜ ਕਰ ਲਿਆ ਹੈ।ਜਖਮੀ ਹੋਏ ਹਰਪਾਲ ਸਿੰਘ ਨਾਮੀ ਨਵੰਬਰ ’84 ਪੀੜਤ ਦਾ ਇਲਾਜ ਵੀ ਸਿਵਲ ਹਸਪਤਾਲ ਵਿੱਚ ਜਾਰੀ ਹੈ ।
ਅੱਜ ਬਾਅਦ ਦੁਪਿਹਰ ਹੀ ਥਾਣਾ ਚਾਟੀਵਿੰਡ ਦੇ ਮੁਖੀ ਮੁਖਵਿੰਦਰ ਸਿੰਘ, ਡੀ.ਐਸ.ਪੀ. ਜਸਤਿੰਦਰ ਸਿੰਘ, ਐਸ.ਡੀ.ਐਮ ਮਨਮੋਹਨ ਸਿੰਘ ਕੰਗ ਉਸ ਥਾਂ ਤੇ ਪੁੱਜੇ ਜਿਥੇ ਬਾਬਾ ਦਰਸ਼ਨ ਸਿੰਘ ਭੁੱਖ ਹੜਤਾਲ ਤੇ ਬੈਠੇ ਸਨ।ਸ੍ਰ. ਕੰਗ ਤੇ ਡੀ.ਐਸ.ਪੀ ਨੇ ਬਾਬਾ ਦਰਸ਼ਨ ਸਿੰਘ ਨੂੰ ਦੱਸਿਆ ਕਿ ਬੀਤੇ ਕੱਲ੍ਹ ਹਰਪਾਲ ਸਿੰਘ ਉਪਰ ਹਮਲਾ ਕਰਨ ਵਾਲੇ ਗਿਆਨੀ ਪੂਰਨ ਸਿੰਘ ਅਤੇ ਉਸਦੇ ਸਾਰੇ ਹੀ ਸਾਥੀਆਂ ਕੇਸ ਦਰਜ ਹੋ ਗਿਆ ਹੈ ਤੇ ਜਾਂਚ ਜਾਰੀ ਹੈ।ਇਸ ਲਈ ਉਹ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ ।ਬਾਬਾ ਦਰਸ਼ਨ ਸਿੰਘ ਨੇ ਸ਼ਹੀਦ ਪ੍ਰੀਵਾਰ ਕਲੋਨੀ ਤੋਂ ਗਿਆਨੀ ਪੂਰਨ ਸਿੰਘ ਦਾ ਨਜਾਇਜ਼ ਕਬਜਾ ਖਤਮ ਕਰਾਉਣ ਲਈ ਗਠਿਤ ਪੰਜ ਮੈਂਬਰੀ ਕਮੇਟੀ ਨਾਲ ਵਿਚਾਰ ਕਰਨ ਬਾਅਦ ਸਾਫ ਕਹਿ ਦਿੱਤਾ ਕਿ ਉਹ ਇਨਸਾਫ ਮਿਲਣ ਤੀਕ ਭੁੱਖ ਹੜਤਾਲ ਜਾਰੀ ਰੱਖਣਗੇ।ਇਸ ਚੱਲ ਰਹੀ ਗੱਲਬਾਤ ਦੌਰਾਨ ਇਕ ਸਮਾਂ ਐਸਾ ਵੀ ਆਇਆ ਜਦ ਸਬੰਧਤ ਅਧਿਕਾਰੀਆਂ ਨਾਲ ਆਏ ਇਕ ਹੌਲਦਾਰ ਨੇ ਲਿਫਾਫੇ ਵਿਚੋਂ ਜੂਸ ਦੀ ਬੋਤਲ ਕੱਢ ਕੇ ਜੂਸ ਗਿਲਾਸ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ।ਪ੍ਰਸ਼ਾਸਨ ਗਿਆਨੀ ਪੂਰਨ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਸ਼ਾਮ 7-00 ਵਜੇ ਤੀਕ ਤੇ ਨਜਾਇਜ ਕਬਜ਼ਾ ਛੁਡਵਾਉਣ ਲਈ ਇੱਕ ਹਫਤੇ ਦਾ ਸਮਾਂ ਮੰਗ ਰਿਹਾ ਸੀ।ਦੇਰ ਸ਼ਾਮ ਐਸ.ਪੀ ਅੰਮ੍ਰਿਤਸਰ ਦਿਹਾਤੀ ਪੁਲਿਸ ਸ੍ਰ. ਆਰ. ਐਸ ਸਿੱਧੂ ਵੀ ਬਾਬਾ ਦਰਸ਼ਨ ਸਿੰਘ ਪਾਸ ਪੱਜ ਗਏ ਸਨ।ਲੇਕਿਨ ਨਵੰਬਰ ’84 ਪੀੜਤ ਪ੍ਰੀਵਾਰਾਂ ਨੇ ਸਾਫ ਕਹਿ ਦਿੱਤਾ ਕਿ ਉਹ ਪਿੱਛਲੇ ਕਈ ਦਹਾਕਿਆਂ ਤੋਂ ਗਿਆਨੀ ਪੂਰਨ ਸਿੰਘ ਦੀ ਗੁੰਡਾਗਰਦੀ ਝੱਲ ਰਹੇ ਹਨ, ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਕਦੇ ਵੀ ਸਾਰ ਨਹੀ ਲਈ, ਜਿਸਦੇ ਚੱਲਦਿਆਂ ਉਨ੍ਹਾਂ ਇਹ ਸਖਤ ਕਦਮ ਚੁੱਕਿਆ ਹੈ। ਲੇਕਿਨ ਭੁੱਖ ਹੜਤਾਲ ਮਹਿਜ਼ ਜੂਸ ਪੀਣ ਲਈ ਹੀ ਨਹੀ ਹੈ।ਖਬਰ ਲਿਖੇ ਜਾਣ ਤੀਕ ਭੁੱਖ ਹੜਤਾਲ ਤੇ ਬੈਠੇ ਬਾਬਾ ਦਰਸ਼ਨ ਸਿੰਘ ਪੀੜਤ ਪ੍ਰੀਵਾਰਾਂ ਦੀ ਸਾਂਝੀ ਸੰਘਰਸ਼ ਕਮੇਟੀ ਅਤੇ ਜਿਲ੍ਹਾ ਪ੍ਰਸ਼ਾਸਨ ਦਰਮਿਆਨ ਗੱਲਬਾਤ ਚੱਲ ਰਹੀ ਸੀ ।
ਇਸੇ ਦੌਰਾਨ ਨਵੰਬਰ ’84 ਦੇ ਸਿੱਖ ਕਤਲੇਆਮ ਪੀੜਤ ਪ੍ਰੀਵਾਰਾਂ ਨਾਲ ਆਪਣੀ ਹਮਦਰਦੀ ਅਤੇ ਹਰ ਤਰ੍ਹਾਂ ਦੀ ਸਹਿਮਤੀ ਪ੍ਰਗਟਾਉਣ ਲਈ ਖਾਲੜਾ ਮਿਸ਼ਨ ਕਮੇਟੀ ਦੇ ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ ਪਲਾਸੌਰ, ਚਮਨ ਲਾਲ, ਕਿਸਾਨ ਸੰਘਰਸ਼ ਕਮੇਟੀ ਦੇ ਸੂਖਜੀਤ ਸਿੰਘ ਰੰਧਾਵਾ, ਸਿੱਖ ਸ਼ਹੀਦ ਪ੍ਰੀਵਾਰ ਵੈਲਫੇਅਰ ਸੁਸਾਇਟੀ ਦੇ ਕਸ਼ਮੀਰ ਸਿੰਘ, ਕਾਬਲ ਸਿੰਘ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਦਲੇਰ ਸਿੰਘ ਪੰਨੂ ਸਾਥੀਆਂ ਸਮੇਤ ਪੁਜੇ ਹੋਏ ਸਨ ।ਇਸ ਮੌਕੇ ਜਗਮੋਹਨ ਸਿੰਘ ਸ਼ਾਂਤ, ਬਾਪੂ ਅਜੀਤ ਸਿੰਘ, ਮਨਜੀਤ ਸਿੰਘ, ਮਾਤਾ ਦਲਜੀਤ ਕੌਰ, ਸੁਰਜੀਤ ਕੌਰ, ਜੋਗਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਨਵੰਬਰ ’84 ਪੀੜਤ ਪ੍ਰੀਵਾਰ ਮੌਜੂਦ ਸਨ ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply