ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ,
ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ।
ਵਿਦਿਆ ਦਾ ਬਖਸ਼ਿਆ ਚਾਨਣ ਐਸਾ, ਹਰ ਪਾਸੇ ਰੁਸ਼ਨਾਏ,
ਲਵ ਕੁਸ਼ ਵਿੱਚ ਮੈਦਾਨੇ ਜੰਗ ਦੇ, ਸੂਰਮਿਆਂ ਸੰਗ ਟਕਰਾਏ,
ਵੇਖ ਕੇ ਤੀਰ ਅੰਦਾਜ਼ੀ ਉਨਾਂ ਦੀ, ਸਾਰੇ ਸੀ ਘਬਰਾਏ,
ਰਮਾਇਣ ਉਚਾਰ ਕੇ ਉਨਾਂ ਨੇ, ਕੀਤੇ ਦੂਰ ਅੰਧਿਆਰੇ।
ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ।
ਮਾਨਸ ਦੇਹੀ ਵਾਲਾ, ਮਿਲਿਆ ਜਨਮ ਅਣਮੁੱਲਾ,
ਸੰਗ ਜਾਣਾ ਤੇਰੇ ਬੰਦਿਆਂ, ਜਪਿਆ ਨਾਮ ਵੱਡਮੁੱਲਾ,
ਸੱਚੇ ਮਾਰਗ `ਤੇ ਚਲਦਿਆਂ, ਚੜ੍ਹੇਗਾ ਰੰਗ ਅਮੁੱਲਾ,
ਮੋਹ ਮਾਇਆ ਨੂੰ ਛੱਡ ਦੇ ਬੰਦਿਆ, ਪ੍ਰਭੂ ਕਰਦੇ ਪਾਰ ਉਤਾਰੇ।
ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ।
ਦਿਨ ਅੱਜ ਭਾਗਾਂ ਵਾਲਾ ਪ੍ਰਗਟ ਦਿਵਸ ਦਾ ਆਇਆ,
ਹਰਿ ਹਰਿ ਵਾਲਮੀਕਿ ਜੀ, ਸਭ ਪਾਸੇ ਜਾਏ ਧਿਆਇਆ,
ਰਹਿਮਤ ਕਰਕੇ ਕੌਮ ਦੇ ਉਤੇ, ਸਭ ਨੂੰ ਮਾਣ ਦਿਵਾਇਆ,
ਉਸ ਦੇ ਆਸਰੇ ਬੇਪਰਵਾਹ ‘ਫ਼ਕੀਰਾ’, ਲੈਂਦਾ ਫਿਰੇ ਨਜ਼ਾਰੇ,
ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ।
ਆਦਿ ਕਵੀ, ਬ੍ਰਹਮ ਗਿਆਨੀ ਸ੍ਰਿਸ਼ਟੀ ਦੇ ਸਿਰਜਣਹਾਰੇ,
ਭਗਵਾਨ ਵਾਲਮੀਕਿ ਜੀ ਨੇ ਕਈ, ਭਵ ਸਾਗਰ ਤੋਂ ਤਾਰੇ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ- 98721 97326