ਹੱਕਾਂ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਪੱਤਰਕਾਰ ਕਨਵੈਨਸ਼ਨ ਸਮਾਪਤ
ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਇੰਡੀਅਨ ਜਰਨਲਿਸਟ ਯੂਨੀਅਨ ਦੀ 9ਵੀਂ ਕਨਵੈਨਸ਼ਨ, ਜੋ ਕਿ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਹੋਈ ਅੱਜ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈਸ ਦੀ ਆਜ਼ਾਦੀ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਸਮਾਪਤ ਹੋ ਗਈ। ਅੱਜ ਦੂਸਰੇ ਦਿਨ ਦੇ ਸਮਾਗਮ ਨੂੰ ਸੰਬੋਧਨ ਕਰਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੱਤਰਕਾਰਾਂ ’ਤੇ ਹੋ ਰਹੇ ਹਮਲੇ ਦੇਸ਼ ਲਈ ਵੱਡੇ ਖ਼ਤਰੇ ਦਾ ਰੁਝਾਨ ਹਨ ਅਤੇ ਭਾਰਤ ਜੋ ਕਿ ਦੁਨੀਆਂ ਦਾ ਵੱਡਾ ਲੋਕਤੰਤਰ ਦੇਸ਼ ਹੈ, ਦੀ ਪ੍ਰੈਸ ਦੀ ਆਜ਼ਾਦੀ ਬਰਕਰਾਰ ਰਹਿਣੀ ਚਾਹੀਦੀ ਹੈ। ਉਨਾਂ ਵੀ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਅਤੇ ਪੱਤਰਕਾਰਾਂ ਦੀ ਸੁਰੱਖਿਆ ਲਈ ਸੁਰੱਖਿਆ ਐਕਟ ਬਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ।ਸੈਸ਼ਨ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਰੰਧਾਵਾ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਇਸ ਦੀ ਅਜ਼ਾਦੀ ਨਾਲ ਹੀ ਦੇਸ਼ ਦੀ ਆਜ਼ਾਦੀ ਕਾਇਮ ਹੈ।
ਸ੍ਰੀ ਰੰਧਾਵਾ ਨੇ ਕਿਹਾ ਕਿ ਇਕ ਸੱਚਾ ਤੇ ਨਿਡਰ ਪੱਤਰਕਾਰ ਦੇਸ਼ ਵਿਚ ਚੰਗੀ ਰਾਜਨੀਤੀ ਨੂੰ ਜਿੱਥੇ ਉਤਸ਼ਾਹਿਤ ਕਰਦੇ ਹੈ, ਉਥੇ ਨੇਤਾਵਾਂ ਨੂੰ ਅਵੇਸਲੇ ਨਹੀਂ ਹੋਣ ਦਿੰਦਾ ਅਤੇ ਉਨਾਂ ਨੂੰ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਦਾ ਹੈ। ਦੇਸ਼ ਦੀ ਆਜ਼ਾਦੀ ਵੇਲੇ ਦੀ ਗੱਲ ਕਰਦੇ ਰੰਧਾਵਾ ਨੇ ਕਿਹਾ ਉਸ ਵੇਲੇ ਵੀ ਅਖਬਾਰਾਂ ਨੇ ਵੱਡੀ ਭੂਮਿਕਾ ਨਿਭਾਈ ਸੀ, ਭਾਵੇਂ ਅਖਬਾਰਾਂ ਦੀ ਗਿਣਤੀ ਉਂਗਲਾਂ ’ਤੇ ਗਿਣਨ ਬਰਾਬਰ ਹੁੰਦੀ ਸੀ।ਰੰਧਾਵਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਆਮ ਘਰਾਂ ਵਿਚ 10-10 ਅਖਬਾਰ ਪੜਨ ਨੂੰ ਆ ਰਹੇ ਹਨ, ਪਰ ਫਿਰ ਵੀ ਲੋਕ ਦੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਅਵੇਸਲੇ ਹੋ ਰਹੇ ਹਨ।ਰੰਧਾਵਾ ਨੇ ਕਿਹਾ ਕਿ ਪ੍ਰੈਸ ਰਾਜਸੀ ਲੋਕਾਂ ਨੂੰ ਜਾਵਬਦੇਹ ਬਣਾਉਂਦੀ ਹੈ, ਜੋ ਕਿ ਦੇਸ਼ ਦੀਆਂ ਜ਼ਮਹੂਰੀ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ।ਉਨਾਂ ਕਿਹਾ ਕਿ ਅੱਜ ਜੋ ਦੇਸ਼ ਦਾ ਮਾਹੌਲ ਪ੍ਰੈਸ ਦੀ ਆਵਾਜ਼ ਸਿੱਧੇ ਜਾਂ ਅਸਿੱਧੇ ਢੰਗ ਨਾਲ ਬੰਦ ਕਰਨ ਜਾਂ ਆਪਣੇ ਹੱਕ ਵਿਚ ਕਰਨ ’ਤੇ ਤੁਲਿਆ ਹੋਇਆ ਹੈ, ਉਹ ਖਤਰਨਾਕ ਰੁਝਾਨ ਹੈ ਅਤੇ ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।
ਸਮਾਗਮ ਨੂੰ ਸੰਬੋਧਨ ਕਰਦੇ ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ ਅਜਨਾਲਾ ਨੇ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਪੱਤਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਪੱਤਰਕਾਰ ਜੋ ਲਿਖਦਾ ਜਾਂ ਬੋਲਦਾ ਹੈ, ਉਹ ਸਮਾਜ ਦੇ ਭਲੇ ਲਈ ਹੁੰਦਾ ਹੈ, ਨਾ ਕਿ ਉਸਦੇ ਨਿੱਜੀ ਮੁਫ਼ਾਦ ਲਈ।ਆਪਣੀ ਜਾਨ ਖ਼ਤਰੇ ਵਿਚ ਪਾ ਕੇ ਪੱਤਰਕਾਰ ਸਮਾਜ ਵਿਚੋਂ ਬੁਰਾਈ ਨੂੰ ਉਜ਼ਾਗਰ ਕਰਦਾ ਹੈ ਅਤੇ ਇਸ ਸੋਚ ’ਤੇ ਪਹਿਰਾ ਦਿੰਦੇ ਹੋਏ ਅਨੇਕਾਂ ਪੱਤਰਕਾਰ ਆਪਣੀ ਜਾਨ ਦੀ ਆਹੂਤੀ ਦੇ ਗਏ ਹਨ।
ਇਸ ਮੌਕੇ ਯੂਨੀਅਨ ਦੀ ਅੱਜ ਹੋਈ ਚੋਣ ਵਿੱਚ ਨਵੇਂ ਬਣੇ ਰਾਸ਼ਟਰੀ ਪ੍ਰਧਾਨ ਅਮਰਪਾਲ ਨੇ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈਸ ਦੀ ਆਜ਼ਾਦੀ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੱਤਰਕਾਰਾਂ ਨੂੰ ਡਰਾਉਣ ਵਾਲੇ ਲੋਕ ਆਪਣੀਆਂ ਬੁਰਾਈਆਂ ਕਾਰਨ ਅੰਦਰੋਂ ਖ਼ੁੱਦ ਡਰੇ ਹੋਏ ਹਨ ਅਤੇ ਲੋੜ ਹੈ ਕਿ ਸਮਾਜ ਵਿਚੋਂ ਅਜਿਹੇ ਕਲੰਕ ਨੂੰ ਧੋ ਦਿੱਤਾ ਜਾਵੇ।
ਯੂਨੀਅਨ ਦੇ ਪੰਜਾਬ ਪ੍ਰਧਾਨ ਬਲਵਿੰਦਰ ਜੰਮੂ ਨੇ ਸਮੁੱਚੀ ਪ੍ਰੈਸ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਰਕਾਰਾਂ ਨੂੰ ਸਾਡੀਆਂ ਹੱਕੀ ਮੰਗਾਂ ਛੇਤੀ ਪੂਰੀਆਂ ਕਰਨੀਆਂ ਚਾਹੀਦੀਆਂ ਹਨ।ਯੂਨੀਅਨ ਦੇ ਜਨਰਲ ਸਕੱਤਰ ਸ੍ਰੀਮਤੀ ਸ਼ਰੀਨਾ ਇੰਦਰਜੀਤ ਨੇ ਕਨਵੈਨਸ਼ਨ ਲਈ ਦੇਸ਼ ਭਰ ਵਿਚੋਂ ਪੁੱਜੇ ਪੱਤਰਕਾਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਜੇਕਰ ਆਪਾਂ ਇਸੇ ਤਰਾਂ ਕਾਫਲਾ ਬਣਾ ਕੇ ਚੱਲੇ ਤਾਂ ਉਹ ਦਿਨ ਦੂਰ ਨਹੀਂ, ਜਦ ਦੇਸ਼ ਵਿਚ ਪ੍ਰੈਸ ਨਿਰਪੱਖ ਅਤੇ ਸੁਤੰਤਰ ਹੋਵੇਗੀ ਅਤੇ ਪੱਤਰਕਾਰ ਸੁਰੱਖਿਅਤ।ਐਸ.ਐਨ. ਸਿਨਹਾ, ਫਾਉਂਡਰ ਪ੍ਰਧਾਨ ਨਿਵਾਸ ਰੈਡੀ, ਰਾਜਨ ਮਾਨ ਨੇ ਵੀ ਇਸ ਮੌਕੇ ਸ਼ੈਸਨ ਨੂੰ ਸੰਬੋਧਨ ਕੀਤਾ।
ਇਸ ਮੌਕੇ ਸੰਸਥਾ ਦੇ ਮੈਂਬਰ ਜੀ. ਐਸ.ਪੌਲ, ਪ੍ਰੀਤਮ ਰੁਪਾਲ, ਸੁਰਜੀਤ ਸਿੰਘ ਗੋਪੀਪੁਰ, ਰਾਕੇਸ਼ ਗੁਪਤਾ, ਦਵਿੰਦਰ ਸਿੰਘ ਭੰਗੂ, ਪਾਲ ਸਿੰਘ ਨੌਲੀ, ਜਗਤਾਰ ਸਿੰਘ ਲਾਂਬਾ, ਵਿਪਨ ਰਾਣਾ, ਸੰਜੈ ਗਰਗ, ਸੁਖਵਿੰਦਰ ਸਿੰਘ ਹੇਅਰ, ਹਰਿਜੰਦਰ ਸਿੰਘ ਸ਼ੈਲੀ, ਮਨਪ੍ਰੀਤ ਸਿੰਘ ਅਤੇ ਪੰਜਾਬ ਭਰ ਵਿਚੋਂ ਪੁੱਜੇ ਹੋਰ ਸੀਨੀਅਰ ਪੱਤਰਕਾਰ ਵੀ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …