ਬਟਾਲਾ, 24 ਦਸੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਉਹ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ `ਤੇ ਬਣੇ ਦਰਸ਼ਨ ਅਸਥਾਨ ਵਿਖੇ ਆਪਣੇ ਐਮ.ਪੀ ਲੈਡ ਕੋਟੇ ਵਿਚੋਂ ਇੱਕ ਦੂਰਬੀਨ ਲਗਵਾਉਣਗੇ ਤਾਂ ਜੋ ਜਿਨ੍ਹਾਂ ਚਿਰ ਕਰਤਾਰਪੁਰ ਸਾਹਿਬ ਲਾਂਘਾ ਨਹੀਂ ਖੁੱਲਦਾ ਉਨ੍ਹਾਂ ਚਿਰ ਸੰਗਤਾਂ ਇਸ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ੍ਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣ।ਜਾਖੜ ਨੇ ਕਿਹਾ ਕਿ ਭਾਵੇਂ ਸਰਹੱਦ `ਤੇ ਪਹਿਲਾਂ ਵੀ ਇੱਕ ਦੂਰਬੀਨ ਲੱਗੀ ਹੋਈ ਹੈ, ਪਰ ਉਹ ਪੁਰਾਣੀ ਹੋ ਗਈ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਹੁਣ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਆਪਣੇ ਇਸ ਵਿਛੜੇ ਗੁਰਧਾਮ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ, ਜਿਸ ਕਾਰਨ ਇੱਕ ਹੋਰ ਦੂਰਬੀਨ ਲਗਾਉਣ ਦੀ ਜਰੂਰਤ ਹੈ।
ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਸਹਿਮਤੀ ਦਿੱਤੇ ਜਾਣ ਨਾਲ ਪੂਰੀ ਦੁਨੀਆਂ `ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਬਹੁਤ ਖੁਸ਼ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਡੇਰਾ ਬਾਬਾ ਨਾਨਕ ਸਰਹੱਦ ਪਾਰ ਕਰਕੇ ਗੁ. ਕਰਤਾਰਪੁਰ ਸਹਿਬ ਦੇ ਖੁੱਲੇ ਦਰਸ਼ਨ-ਦੀਦਾਰ ਕਰ ਸਕਣਗੀਆਂ।
ਓਧਰ ਸੰਗਤਾਂ ਨੇ ਸੁਨੀਲ ਜਾਖੜ ਵਲੋਂ ਇੱਕ ਹੋਰ ਦੂਰਬੀਨ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੰਗਤਾਂ ਨੇ ਕਿਹਾ ਕਿ ਜਿਆਦਾ ਸੰਗਤ ਹੋਣ ਕਾਰਨ ਇੱਕ ਦੂਰਬੀਨ ਰਾਹੀਂ ਦਰਸ਼ਨ ਕਰਨੇ ਮੁਸ਼ਕਲ ਹਨ ਅਤੇ ਇਹ ਦੂਰਬੀਨ ਪੁਰਾਣੀ ਵੀ ਹੋ ਚੁੱਕੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media