Wednesday, August 26, 2026

5 ਦਿਨਾਂ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ ਬਾਬਾ ਫ਼ਰੀਦ ਕਾਲਜ ਵਿਖੇ ਅਰੰਭ

ਬਠਿੰਡਾ, 25 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਬਾਬਾ ਫ਼ਰੀਦ ਕਾਲਜ ਵਿਖੇ 5 ਰੋਜ਼ਾ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ ਅੱਜ 25 ਤੋਂ 29 ਦਸੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵਲੋਂ ਸਪਾਂਸਰਡ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਦੇਸ਼ ਦੇ ਨੌਜਵਾਨ ਵਿਦਿਆਰਥੀਆਂ `ਚ ਮੁੱਢਲੇ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕਰਨਾ ਅਤੇ ਵਿਗਿਆਨ ਦੀ ਪੜਾਈ ਕਰ ਰਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਨ ਲਈ ਆਕਰਸ਼ਿਤ ਕਰਨਾ ਹੈ।ਇਸ ਕੈਂਪ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਚੰਦਰ ਮੋਹਨ, ਚੇਅਰ ਪ੍ਰਫੈਸਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. (ਡਾ.) ਸੰਤੋਸ਼ ਕੁਮਾਰ, ਕੁਮੌਣ ਯੂਨੀਵਰਸਿਟੀ ਨੈਨੀਤਾਲ ਅਤੇ ਪ੍ਰੋ. (ਡਾ.) ਐੱਚ.ਸੀ ਤਨੇਜਾ, ਦਿੱਲੀ ਤਕਨੀਕੀ ਯੂਨੀਵਰਸਿਟੀ ਨਵੀਂ ਦਿੱਲੀ ਸ਼ਿਰਕਤ ਕਰਨਗੇ।ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ 10+1 (ਸਾਇੰਸ ਵਿਸ਼ੇ) ਦੇ ਵਿਦਿਆਰਥੀ ਜਿਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਕਲਾਸ ਵਿੱਚ 88.1% ਜਾਂ ਸੀ.ਬੀ.ਐਸ.ਈ ਦੀ ਦਸਵੀਂ ਕਲਾਸ ਵਿੱਚ 95% (ਸੀ.ਜੀ.ਪੀ.ਏ-ਏ 1) ਜਾਂ ਆਈ.ਸੀ.ਐਸ.ਈ ਬੋਰਡ ਦੀ ਦੱਸਵੀਂ ਕਲਾਸ ਵਿੱਚ 96.8% ਅੰਕ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਇਸ ਕੈਂਪ ਵਿੱਚ ਭਾਗ ਲੈਣਗੇ।ਇਸ ਪੰਜ ਦਿਨਾਂ ਰਿਹਾਇਸ਼ੀ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉੱਚ ਕੋਟੀ ਦੇ 10 ਵਿਗਿਆਨੀਆਂ ਨਾਲ ਗੱਲਬਾਤ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ।ਜਿੰਨਾਂ ਵਿੱਚ ਕੇਂਦਰੀ ਯੂਨੀਵਰਸਿਟੀਆਂ, ਆਈ.ਆਈ.ਟੀਜ਼, ਐਨ.ਆਈ.ਟੀਜ਼ ਅਤੇ ਹੋਰ ਉਚ ਪੱਧਰ ਦੇ ਵਿਦਿਅਕ ਅਦਾਰਿਆਂ ਤੋਂ ਭਟਨਾਗਰ ਐਵਾਰਡੀ ਅਤੇ ਪਦਮ ਐਵਾਰਡੀ ਵਿਗਿਆਨੀ ਸ਼ਾਮਿਲ ਹਨ।
ਇਸ ਕੈਂਪ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਫੀਸ ਅਤੇ ਰਹਿਣ ਸਹਿਣ ਦੀ ਕੋਈ ਵੀ ਫੀਸ ਨਹੀ ਹੈ।ਕੈਂਪ ਵਾਲੇ ਸਾਰੇ ਵਿਦਿਆਰਥੀਆਂ ਦੇ ਰਹਿਣ ਸਹਿਣ, ਸਥਾਨਕ ਆਵਾਜਾਈ, ਅਧਿਐਨ ਸਮੱਗਰੀ, ਆਉਣ ਜਾਣ ਦੇ ਕੁੱਝ ਭੱਤੇ ਅਤੇ ਭੋਜਨ ਆਦਿ ਸਮੇਤ ਪੂਰੀ ਦੇਖ-ਰੇਖ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਮੁਫ਼ਤ ਕੀਤੀ ਜਾਵੇਗੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply