Thursday, November 21, 2024

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ ਸਾਰਾ ਸਰਕਾਰੀ ਕੰਮ ਪੰਜਾਬੀ ਵਿੱਚ ਕਰਨ ਦੀ ਮੰਗ

PUNJ1001201910ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਜਿਲਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਤੇ ਜਿਲਾ ਭਾਸ਼ਾ ਅਫ਼ਸਰ ਨੂੰ ਇਕ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਦਫ਼ਤਰਾਂ ਵਿਚ ਹੁੰਦੇ ਸਾਰੇ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਭਾਸ਼ਾ ਵਿਚ ਕੀਤੇ ਜਾਣ ਨੂੰ ਯਕੀਨੀ ਬਣਾਉਣ ਅਤੇ ਸਰਕਾਰ ਦੀਆਂ ਵੈਬਸਾਈਟਾਂ ਵਿਚ ਉਪਲਬਧ ਕਰਵਾਈ ਗਈ ਸੂਚਨਾ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿਚ ਦੇਣ ਲਈ ਬੇਨਤੀ ਕੀਤੀ ਗਈ।ਇਕ ਮੰਗ ਪੱਤਰ ਜਿਲਾ ਸਿਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੂੰ ਦੇ ਕੇ ਮੰਗ ਕੀਤੀ ਗਈ ਸਾਰੇ ਸੀ.ਬੀ.ਐਸ.ਸੀ ਅਤੇ ਆਈ.ਸੀ.ਐਸ.ਸੀ ਪ੍ਰਾਈਵੇਟ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੀਕ ਪੰਜਾਬੀ ਦੇ ਵਿਸ਼ੇ ਨੂੰ ਲਾਜ਼ਮੀ ਤੌਰ `ਤੇ ਪੜ੍ਹਾਉਣ ਨੂੰ ਯਕੀਨੀ ਬਣਾਇਆ ਜਾਵੇ।
    ਪ੍ਰੈਸ ਨੂੰ ਜਾਰੀ ਬਿਆਨ ਵਿਚ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਜਿਲਾ ਇਕਾਈ ਦੇ ਸੰਚਾਲਕ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਥਾ ਦੇ ਮੈਂਬਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਤੇ ਇੰਜ. ਮਨਜੀਤ ਸਿੰਘ ਸੈਣੀ ਨਾਲ ਮੈਡਮ ਅਲਕਾ ਸਹਾਇਕ ਕਮਿਸ਼ਨਰ (ਸ਼ਕਾਇਤਾਂ) ਨਾਲ ਮੀਟਿੰਗ ਕੀਤੀ।ਵਫ਼ਦ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਜਿਲੇ ਦੀ ਵੈਬਸਾਇਟ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ ਉਪਲੱਬਧ ਹੈ, ਪਰ ਮਿਉਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ, ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ (ਏ.ਡੀ.ਏ) ਤੇ ਕਈ ਹੋਰ ਸਰਕਾਰੀ ਵੈਬਸਾਈਟਾਂ ਕੇਵਲ ਅੰਗਰੇਜ਼ੀ ਵਿਚ ਹਨ।ਮੈਡਮ ਅਲਕਾ ਨੇ ਯਕੀਨ ਦਵਾਇਆ ਕਿ ਉਹ ਸਾਰੀਆਂ ਵੈੱਬਸਾਇਟਾਂ ਪੰਜਾਬੀ ਵਿਚ ਵੀ ਬਨਵਾਉਣ ਲਈ ਸਬੰਧਿਤ ਅਧਿਕਾਰੀਆਂ ਨੂੰ ਲਿਖਣਗੇ।ਜਿੱਥੋਂ ਤੀਕ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਦਾ  ਸਬੰਧ ਹੈ, ਇਸ ਕੰਮ ਨੂੰ ਵੀ ਯਕੀਨੀ ਬਣਾਇਆ  ਜਾਵੇਗਾ ।
    ਉਪ-ਜਿਲਾ ਸਿਖ਼ਿਆ ਅਫ਼ਸਰ(ਸੈ.ਸਿ.) ਸ. ਹਰਭਗਵੰਤ ਸਿੰਘ  ਨੇ ਦਸਿਆ ਕਿ ਉਨ੍ਹਾਂ ਦੇ ਦਫ਼ਤਰ ਵਲੋਂ ਪ੍ਰਾਈਵੇਟ ਸਕੂਲਾਂ  ਵਿਚ ਪਹਿਲੀ ਤੋਂ ਦਸਵੀਂ ਤੀਕ ਪੰਜਾਬੀ ਦੇ ਵਿਸ਼ੇ ਨੂੰ ਲਾਜ਼ਮੀ ਤੌਰ `ਤੇ ਪੜ੍ਹਾਉਣ ਲਈ ਪਹਿਲਾਂ ਵੀ ਪੜਤਾਲ ਕਰਵਾਈ ਗਈ ਸੀ, ਹੁਣ  ਦੁਬਾਰਾ ਫਿਰ ਪੜਤਾਲ ਕਰਵਾਈ ਜਾਵੇਗੀ।ਜਿਲਾ ਭਾਸ਼ਾ ਦਫ਼ਤਰ ਦੇ ਸੀਨੀਅਰ ਸਹਾਇਕ ਹਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦਫ਼ਤਰ ਵਲੋਂ ਸਮੇਂ ਸਮੇਂ `ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਇਸ ਨੂੰ ਅੱਗੇ ਵੀ ਜਾਰੀ ਰਖਿਆ ਜਾਵੇਗਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply