
ਅੰਮ੍ਰਿਤਸਰ, 4 ਸਤੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਫ਼ੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਸਮੈਸਟਰ ਪਹਿਲਾ ਤੇ ਦੂਜਾ ਵਿੱਚ 800 ਵਿੱਚੋਂ 640 ਅੰਕ ਹਾਸਲ ਕਰਕੇ ਕਾਲਜ ਤੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦ ਕਿ ਗੁਰਸਿਮਰਨ ਕੌਰ ਨੇ ਕਾਲਜ ਵਿੱਚ ਦੂਸਰਾ ਅਤੇ ਯੂਨੀਵਰਸਿਟੀ ਵਿੱਚ ਤੀਸਰਾ ਦਰਜਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਰਮਨਦੀਪ ਕੌਰ ਨੇ ਕਾਲਜ ਵਿੱਚ ਤੀਸਰਾ ਦਰਜਾ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਵਿਦਿਆਰਥਣਾਂ ਦੀ ਇਸ ਉਪਲਬੱਧੀ ‘ਤੇ ਵਧਾਈ ਦਿੰਦਿਆ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁੱਖੀ ਪ੍ਰੋ: ਮਨਬੀਰ ਸਿੰਘ ਦੁਆਰਾ ਕਰਵਾਏ ਗਏ ਸਖ਼ਤ ਅਭਿਆਸ ਦੇ ਨਤੀਜੇ ਸਦਕਾ ਵਿਦਿਆਰਥਣਾਂ ਇਸ ਮੁਕਾਮ ‘ਤੇ ਪਹੁੰਚੀਆਂ ਹਨ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਵਿਦਿਆਰਥਣਾਂ ਦਾ ਆਪਣੇ ਦਫ਼ਤਰ ਮੂੰਹ ਮਿੱਠਾ ਕਰਵਾਉਂਦਿਆ ਉਨ੍ਹਾਂ ਦੇ ਸੁਨਿਹਰੇ ਭਵਿੱਖ ਲਈ ਕਾਮਨ ਵੀ ਕੀਤੀ।