Sunday, September 8, 2024

ਸਰਕਾਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ ਅੱਜ ਮਿਲੇਗਾ ਸਟੇਟ ਐਵਾਰਡ

ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ
ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ

ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡਦੀ ਪ੍ਰਿੰਸੀਪਲ ਮਨਦੀਪ ਕੌਰ ਦੀ ਸਟੇਟ ਐਵਾਰਡ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ਅੱਜ 5 ਸਤੰਬਰ ਨੂੰ ਜਲੰਧਰ ਵਿਖੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਨਮਾਨ ਲਈ ਪੰਜਾਬ ਵਿੱਚੋਂ 2 ਪ੍ਰਿੰਸੀਪਲਾਂ ਦੀ ਚੋਣ ਹੋਈ ਹੈ।ਪੰਜਾਬ ਦੇ ਕਾਲਜਾਂ ਤੇ ਸਕੂਲ ਵਿਚ ਲੰਮਾਂ ਸਮਾਂ ਕੰਪਿਊਟਰ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੀ ਪ੍ਰਿੰਸੀਪਲ ਮਨਦੀਪ ਕੌਰ ਨੇ ਸਰਕਾਰੀ ਸਕੂਲ ਮਾਨਾਵਾਲਾ ‘ਤੇ ਗੋਲ ਬਾਗ ਵਿਖੇ ਪ੍ਰਿੰਸੀਪਲ ਦੇ ਤੌਰ ‘ਤੇ ਕਾਰਜ ਕਰਨ ਦੇ ਨਾਲ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਜੋਂ ਵੀ ਬੇਹਤਰੀਨ ਸੇਵਾਵਾਂ ਨਿਭਾਈਆਂ। ਉਨ੍ਹਾਂ ਅੰਤਰ ਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਕਈ ਸੈਮੀਨਾਰਾਂ ਵਿੱਚ ਖੋਜ-ਪੱਤਰ ਪ੍ਰਸਤੁੱਤ ਕੀਤੇ। ਉਨ੍ਹਾਂ ਦੀਆਂ ਕਈ ਪ੍ਰਕਾਸ਼ਨਾਵਾਂ ਅਖ਼ਬਾਰਾਂ ਤੇ ਰਿਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪ੍ਰਿੰਸੀਪਲ ਮਨਦੀਪ ਕੌਰ ਨੇ ਲੱਖਾਂ ਰੁਪਏ ਦੀ ਦਾਨ ਰਾਸ਼ੀ ਤੇ ਸਰਕਾਰੀ ਗਰਾਂਟਾਂ ਹਾਸਲ ਕਰਕੇ ਸਕੂਲ ਤੇ ਹੋਸਟਲ ਦੀ ਉਸਾਰੀ ਦਾ ਕੰਮ ਕਦੇ ਰੁਕਣ ਨਹੀਂ ਦਿੱਤਾ। ਉਨ੍ਹਾਂ ਸਕੂਲ ਵਿੱਚ ਅਧਿਆਪਕਾਂ ਦੀ ਮਦਦ ਨਾਲ ਵਿਰਸੇ ਨੂੰ ਦਰਸਾਉਂਦਾ ਵਿਰਾਸਤੀ ਕਮਰਾ, ਨੈੱਟ ਬਾਲ ਗਰਾਊਂਡ, ਆਰੀਆ ਭੱਟ ਗਣਿਤ ਪਾਰਕ, ਗਣਿਤ ਪ੍ਰਯੋਗਸ਼ਾਲਾ, ਐਜੂਸੈੱਟ ਲਾਇਬਰੇਰੀ, ਐਜੂਸੈੱਟ ਲੈਬ, ਸੋਸ਼ਲ ਸਟੱਡੀ ਲੈਬ, ਗਰੀਨ ਕਾਰਨਰ, ਇੰਗਲਿਸ਼ ਕਾਰਨਰ, ਕੰਧ ਮੈਗਜ਼ੀਨ ਪਹੁ ਫੁਟਾਲਾ, ਸਟੂਡੈਂਟ ਲੀਗਲ ਲਿਟਰੇਸੀ ਕਲੱਬ, ਈਕੋ ਕਲੱਬ ਤੇ ਵਾਤਾਵਰਨ ਸੰਭਾਲ ਸੁਸਾਇਟੀ ਅਤੇ ਕੈਰੀਅਰ ਗਾਈਡੈਂਸ ਸੈੱਲ ਸਥਾਪਿਤ ਕਰਕੇ ਸਕੂਲ ਦੀ ਨੁਹਾਰ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਰਾਜ ਪੱਧਰੀ ਨਸ਼ਾ ਵਿਰੋਧੀ, ਏਡਜ਼ ਜਾਗਰੂਕਤਾ ਅਤੇ ਨਕਲ ਵਿਰੋਧੀ ਰੈਲੀਆਂ ਨਾਲ ਆਮ ਸ਼ਹਿਰੀਆਂ ਨੂੰ ਜਾਗਰੂਕ ਕੀਤਾ।ਪ੍ਰਿੰਸੀਪਲ ਮਨਦਪਿ ਕੌਰ ਦੀ ਰਹਿਨੁਮਾਈ ਅਧੀਨ ਅਕਾਦਮਿਕ ਤੇ ਸਹਿਪਾਠੀ ਕਿਰਿਆਵਾਂ ਵਿੱਚ ਮੋਹਰੀ ਸਰਕਾਰੀ ਸਕੂਲ ਮਾਲ ਰੋਡ ਖੇਡਾਂ ਦੇ ਖੇਤਰ ਵਿੱਚ ਕਈ ਦਹਾਕਿਆਂ ਤੋਂ ਜ਼ਿਲ੍ਹੇ ਪੱਧਰ ‘ਤੇ ਚੈਂਪੀਅਨ ਹੈ। ਇਸ ਵਰ੍ਹੇ ਸਕੂਲ ਦੀ ਬਾਸਕਿਟਬਾਲ ਟੀਮ ਰਾਸ਼ਟਰੀ ਪੱਧਰ ‘ਤੇ ਜੇਤੂ ਰਹੀ ਅਤੇ ਖਿਡਾਰਨ ਗਗਨਦੀਪ ਨੂੰ ਚੀਨ, ਸਾਇਪ੍ਰਸ, ਸ੍ਰੀਲੰਕਾ, ਜਾਰਡਨ ਤੇ ਜਾਪਾਨ ਵਿੱਚ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਸਕੂਲ ਦੀਆਂ 28 ਖਿਡਾਰਨਾਂ ਦੀ ਰਾਸ਼ਟਰੀ ਟੀਮਾਂ ਲਈ ਚੌਣ ਕਾਬਲੇਗੌਰ ਹੈ।
ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਪ੍ਰਿੰਸੀਪਲ ਮਨਦੀਪ ਕੌਰ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ, ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਤੇ ਜੰਗਲਾਤ ਮੰਤਰੀ ਸ੍ਰੀ ਭਗਤ ਚੂਨੀ ਲਾਲ ਤੋਂ ਇਲਾਵਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਰੋਟਰੀ ਕਲੱਬ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅਤੇ ਪੰਜਾਬ ਕੇਸਰੀ ਗਰੁੱਪ ਵਲੋਂ ਸਰਸਵਤੀ ਵਿਦਿਅਕ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply