ਬਠਿੰਡਾ, 1 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੀ ਵਾਰ-ਵਾਰ ਵਾਅਦਾ ਖਿਲਾਫੀ ਨੂੰ ਲੈ ਕੇ 5178 ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਸੱਦੇ ਤੇ ਜੱਥੇਬੰਦੀ ਦੀ ਇਕਾਈ ਬਠਿੰਡਾ ਦੀ ਵਿਸ਼ਾਲ ਰੋਸ ਇਕੱਤਰਤਾ ਸਥਾਨਕ ਟੀਚਰਜ਼ ਹੋਮ ਵਿਖੇ ਜਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਹੋਈ ਅਤੇ ਉਨ੍ਹਾਂ ਰੋਸ ਮਾਰਚ ਕਰਦੇ ਹੋਏ ਫੌਜੀ ਚੌਕ ਵਿਚ ਪਹੁੰਚ ਕੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਫੂਕੀ।
ਜਿਲਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ 6000 ਰੁਪਏ ਵਰਗੀਆਂ ਨਿਗੂਣੀਆਂ ਤਨਖਾਹਾਂ ’ਤੇ ਸੇਵਾਂਵਾ ਨਿਭਾ ਰਹੇ ਉੱਚ ਯੋਗਤਾ ਪ੍ਰਾਪਤ ਪੰਜਾਬ ਦੀ ਪਹਿਲੀ ਟੀ.ਈ.ਟੀ ਪ੍ਰੀਖਿਆ 2011 ਪਾਸ 5178 ਮਾਸਟਰ ਕਾਡਰ ਅਧਿਆਪਕਾਂ ਦਾ ਸ਼ੋਸ਼ਣ ਜਾਰੀ ਹੈ।5178 ਅਧਿਆਪਕ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਵੰਬਰ 2017 ਵਿਚ ਆਪਣੀ ਤਿੰਨ ਸਾਲ ਦੀ ਠੇਕਾ ਆਧਾਰਿਤ ਸੇਵਾ ਪੂਰੀ ਕਰ ਚੁੱਕੇ ਹਨ। ਪੰਜਾਬ ਸਰਕਾਰ ਦੁਆਰਾ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਅਕਤੂਬਰ 2017 ਵਿਚ ਨੋਟੀਫਿਕੇਸ਼ਨ ਕਰਕੇ ਕੇਸ ਵੀ ਮੰਗਵਾਏ ਜਾ ਚੁੱਕੇ ਹਨ। ਪਰ 14 ਮਹੀਨੇ ਬੀਤ ਜਾਣ ਦੇ ਬਾਵਜੂਦ 5178 ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਨਾ ਕਰਕੇ ਅਧਿਆਪਕ ਵਰਗ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਹੈ।
ਬੀਤੀ 13 ਜਨਵਰੀ ਦੇ ਅਖਬਾਰਾਂ ਵਿਚ 5178 ਅਧਿਆਪਕਾਂ ਨੂੰ ਲੋਹੜੀ ਦਾ ਤੋਹਫਾ ਦੇਣ ਦੀਆਂ ਖਬਰਾਂ ਲਵਾ ਕੇ ਇਨ੍ਹਾਂ ਅਧਿਆਪਕਾਂ ਨਾਲ ਕੋਝਾ ਮਜਾਕ ਕੀਤਾ ਗਿਆ। ਪਰ 29 ਜਨਵਰੀ ਦੀ ਕੈਬਨਿਟ ਮੀਟਿੰਗ ਵਿਚ 5178 ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਕਰਨ ਦਾ ਮਤਾ ਪਾਸ ਕਰਨ ਦੀ ਥਾਂ ਸਬ ਕਮੇਟੀਆਂ ਬਣਾ ਕੇ ਢੋਂਗ ਰਚਿਆ ਜਾ ਰਿਹਾ ਹੈ।ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਮੂਹ 5178 ਅਧਿਆਪਕ ਸਮੇਤ ਵੇਟਿੰਗ, ਡੀ.ਪੀ.ਈ, ਆਰਟ ਐਂਡ ਕਰਾਫਟ ਅਤੇ ਹੋਮ ਸਾਇੰਸ ਅਧਿਆਪਕ ਪੂਰੀ ਤਨਖਾਹ ’ਤੇ ਰੈਗੂਲਰ ਕੀਤੇ ਜਾਣ।
ਇਸ ਮੌਕੇ ਸਰਬਜੀਤ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਗਗਨਦੀਪ ਸਿੰਘ, ਜਗਬੀਰ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ, ਅੰਕੁਸ਼ ਸਿੰਗਲਾ, ਨਿਰਮਲਜੀਤ ਕੌਰ, ਡਿੰਪਲ ਰਾਣੀ, ਸੁਰਗ਼ਈਆ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media