ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਵਿਰਸਾ ਵਿਹਾਰ ਵਿਖੇ ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ ਦੇ 30ਵੇਂ ਦਿਨ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਖ਼ੂਨੀ ਵਿਸਾਖੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾ ਪੂਰਵਕ ਪੇਸ਼ ਕੀਤਾ ਗਿਆ।
ਇਹ ਨਾਟਕ ਜਲਿਆਂਵਾਲਾ ਬਾਗ ’ਚ ਹੋਏ 1919 ਦੇ ਅਮਾਨਵੀ ਘਟਨਾ ਦੀ 100ਵੀਂ ਵਰੇ੍ਹਗੰਢ ਨੂੰ ਸਮਰਪਿਤ ਕੀਤਾ ਗਿਆ ।2019 ਦਾ ਸਾਲ ਜਲ੍ਹਿਆਂ ਵਾਲੇ ਬਾਗ ਦੀ ਤ੍ਰਾਸਦੀ ਦਾ 100 ਵਾਂ ਸਾਲ ਹੈ।ਇਸ ਨਾਟਕ ਦੇ ਬਹਾਨੇ ਅਸੀਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ।ਇਹ ਨਾਟਕ ਅੱਜ ਦੇ ਸਮਿਆਂ ਦੇ ਜਲਿਆਂਵਾਲਾ ਬਾਗ ਤੋਂ ਸ਼ੁਰੂ ਹੁੰਦਾ ਹੈ ਤੇ ਇਕ ਨਵੇਂ ਸੰਦੇਸ਼ ਨਾਲ ਖ਼ਤਮ ਹੁੰਦਾ ਹੈ।ਇਸ ਨਾਟਕ ਵਿੱਚ ਇਤਿਹਾਸ ਵੀ ਹੈ, ਤੇ ਅੱਜ ਵੀ ਹੈ। ਇਸ ਨਾਟਕ ਅੰਦਰ ਕਈ ਨਾਟਕ ਸਮੋਏ ਨੇ, ਨਾਨਕ ਸਿੰਘ ਨਾਵਲਿਸਟ ਵਲੋਂ 1919 ਵਿੱਚ ਲਿੱਖੀ ਕਵਿਤਾ ਖੂਨੀ ਵਿਸਾਖੀ ਵੀ ਸ਼ਾਮਿਲ ਹੈ, ਅਤੇ ਕਪੂਰ ਸਿੰਘ ਘੁੰਮਣ ਦਾ ਨਾਟਕ ‘‘ਅਜ਼ਾਦੀ ਦਾ ਸਮਾਂ’’ ਦੇ ਹਿੱਸੇ ਵੀ ਸ਼ਾਮਿਲ ਨੇ। ਇਹ ਨਾਟਕ ਸਾਡੇ ਮਨਾਂ ਅੰਦਰ ਸਵਾਲ ਪੈਦਾ ਕਰਦਾ ਹੈ, ਕਿ ਅਸੀਂ ਜਲ੍ਹਿਆਂ ਵਾਲੇ ਬਾਗ ਨੂੰ ਸਿਰਫ਼ ਸੈਰਗਾਹ ਹੀ ਕਿਉਂ ਬਣਾ ਦਿੱਤਾ ਹੈ ਕੀ ਅਸੀਂ ਜਲ੍ਹਿਆਂ ਵਾਲੇ ਬਾਗ ਨੂੰ ਦੇਖਦੇ ਹੋਏ, ਸਚਮੁੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹੁੰਦੇ ਆਂ? ਜਾਂ ਸਿਰਫ਼ ਉਥੇ ਸੈਲਫ਼ੀਆਂ ਲੈਣ, ਸੈਰ ਕਰਨ ਜਾਂ ਪਿਕਨਿਕ ਮਨਾਉਣ ਹੀ ਜਾਂਦੇ ਆਂ।ਲੋੜ ਹੈ ਸੱਚੇ ਮਨੋਂ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ।ਇਸ ਨਾਟਕ ਦੇ ਪਾਤਰ ਗੁਰਤੇਜ ਮਾਨ, ਪਵੇਲ ਸੰਧੂ, ਸੁਖਵਿੰਦਰ ਵਿਰਕ, ਜਤਿੰਦਰ ਸੋਨੂੰ, ਵਿਕਰਾਂਤ ਭੂਲਰ, ਜਸਵੰਤ ਸਿੰਘ, ਅਨੀਸ਼, ਵਿਜੇ ਕੁਮਾਰ ਆਦਿ ਸਮੇਤ ਕਲਾਕਾਰਾਂ ਵੱਲੋਂ ਭਾਵਪੂਰਤਾ ਨਾਲ ਪੇਸ਼ ਕੀਤਾ।
ਇਸ ਮੌਕੇ ਜਤਿੰਦਰ ਬਰਾੜ, ਡਾ. ਸ਼ਹਰਯਾਰ, ਰਕੇਸ਼ ਵੇਦਾ, ਇੰਦਰਜੀਤ ਰੂਪੋਵਾਲੀ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਸਾਹਿਬ ਸਿੰਘ, ਡਾ. ਪਰਮਿੰਦਰ, ਕੁਲਵੰਤ ਸਿੰਘ ਸੂਰੀ, ਪ੍ਰੋ. ਗੁਰਿੰਦਰ ਕੌਰ ਸੂਰੀ, ਡਾ. ਇਕਬਾਲ ਕੌਰ ਸੌਂਦ, ਹਿਰਦੇਪਾਲ ਸਿੰਘ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਇੰਦਰਜੀਤ ਸਹਾਰਨ, ਟੀ. ਐਸ ਰਾਜਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ …