ਪੰਜਾਬੀ ਫਿਲਮਾਂ ਦੇ ਨਿਰਮਾਣ ਨਿਰਦੇਸ਼ਨ ਰਾਹੀਂ ਗੈਂਗਸਟਰਾਂ ਦੀ ਜੀਵਨ ਸ਼ੈਲੀ ਨੂੰ ਪਰਦੇ `ਤੇ ਦਿਖਾਉਣ ਦਾ ਰੁਝਾਨ ਵਧ ਰਿਹਾ ਹੈ।`ਰੁਪਿੰਦਰ ਗਾਂਧੀ` ਤੋਂ ਬਾਅਦ “ਡਾਕੂਆਂ ਦਾ ਮੁੰਡਾ” ਦੀ ਸਫਲਤਾ ਨਾਲ ਫਿਲਮ ਨਿਰਮਾਤਾਵਾਂ ਦਾ ਇਸ ਰੁਝਾਨ ਵੱਲ ਆਉਣਾ ਸੁਭਾਵਿਕ ਵੀ ਹੈ।ਇਸੇ ਰੁਝਾਨ ਤਹਿਤ ਬਣਾਈ ਗਈ ਫਿਲਮ “ਗੈਗਸਟਾਰ ਵਰਸਿਜ਼ ਸਟੇਟ” ਵੀ ਰਲੀਜ਼ ਹੋਣ ਲਈ ਤਿਆਰ ਹੈ।ਇਹ ਫਿਲਮ 5 ਅਪ੍ਰੈਲ ਤੋਂ ਸਿਨੇਮਾਂ ਘਰਾਂ ਦਾ ਸ਼ਿਗਾਰ ਹੋਣ ਜਾ ਰਹੀ ਹੈ।ਫਿਲਮ ਨੂੰ ਪੰਜਾਬੀ ਫਿਲਮ ਸਨਅਤ `ਚ ਨਵੇਂ ਦਿਸਹੱਦੇ ਕਾਇਮ ਕਰਨ ਵਾਲੀ ਕਪਿਲ ਬਤਰਾ ਫਿਲਮ ਪ੍ਰੋਡਕਸ਼ਨ ਵਲੋਂ ਤਿਆਰ ਕੀਤਾ ਹੈ।ਕਪਿਲ ਬਤਰਾ ਫਿਲਮ ਪ੍ਰੋਡਕਸ਼ਨ ਦੀ ਇਸ ਫਿਲਮ ਨੂੰ ਲੈ ਵਿਸ਼ੇਸ਼ ਗੱਲ ਇਹ ਰਹੀ ਹੈ ਕਿ ਇਸ ਵਿਚ ਚਰਚਿਤ ਗਾਇਕ ਚਿਹਰਿਆਂ ਦੀ ਥਾਂ ਹੰਢੇ ਹੋਏ ਅਦਾਕਾਰਾਂ ਨੂੰ ਤਰਜੀਹ ਦਿੱਤੀ ਗਈ ਹੈ।ਫਿਲਮ ਨਿਰਮਾਤਾ ਦਾ ਦਾਅਵਾ ਹੈ ਕਿ ਇਹ ਫਿਲਮ ਤਕਨੀਕੀ ਪੱਖ ਤੋਂ ਮਿਆਰੀ ਹੋਵੇਗੀ।ਇਸ ਦੀ ਕਹਾਣੀ ਇਕ ਗੈਂਗਸਟਾਰ ਦੇ ਜੀਵਨ ਦੁਆਲੇ ਘੁੰਮਦੀ ਹੈ।ਜਿਸ ਵਿਚ ਦਿਸ਼ਾਹੀਣਤਾ ਵੱਲ ਧਕੇਲਣ ਦੇ ਸੂਖਮ ਪੱਖਾਂ `ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ਹੈ।ਨਵੀਂ ਪੀੜ੍ਹੀ ਦੇ ਜਜ਼ਬਾਤਾਂ ਨੂੰ ਜਜ਼ਬਾਤਾਂ ਨੂੰ ਟੁੰਬਦੀ ਤੇ ਗੈਂਗਸਟਰਾਂ ਦੀ ਦੁਨੀਆਂ ਤੋਂ ਹਟ ਕੇ ਸਾਫ ਸੁਥਰਾ ਜੀਵਨ ਜਿਉਣ ਦਾ ਸੁਨੇਹਾ ਦਿੰਦੀ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਨਵੀਂ ਪੀੜ੍ਹੀ ਦੇ ਦਰਸ਼ਕਾਂ ਵਿੱਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
ਰੰਗ ਮੰਚ ਦੀਆਂ ਸਟੇਜਾਂ ਤੋਂ ਲੋਕ ਪੱਖੀ ਗਤੀਵਿਧੀਆਂ ਨਾਲ ਜੁੜੇ ਨੌਜਵਾਨ ਅਣਸੁਖਾਵੇਂ ਹਾਲਾਤਾਂ ਨਾਲ ਦੋ ਚਾਰ ਹੁੰਦੇ ਕਿਸ ਤਰ੍ਹਾਂ ਗੈਂਗਸਟਰਾਂ ਦੇ ਰਾਹ ਤੁਰਦੇ ਹਨ।ਇਹ ਜਾਨਣ ਲਈ ਪੂਰੀ ਫਿਲਮ ਦੇਖਣੀ ਹੋਵੇਗੀ।ਇਸ ਫਿਲਮ ਵਿਚ ਥਿਏਟਰ ਦੇ ਹੰਢੇ ਹੋਏ ਅਦਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਨੇ।ਵੱਖ-ਵੱਖ ਕਿਰਦਾਰਾਂ ਵਿਚ ਮਨਤੇਜ ਮਾਨ, ਸੁਨਾਕਸ਼ੀ ਸ਼ਰਮਾ, ਅਮ੍ਰਿਤ ਰੰਧਾਵਾ, ਜਨਵੀਰ ਕੌਰ, ਸਾਜਨ ਕਪੂਰ, ਹਨੀਸ ਰਾਜਪੂਤ, ਕਰਨ ਸਿੰਘ, ਰੇਨੂਕਾ, ਹਰਪਾਲ ਸਿੰਘ, ਗੁਲਸ਼ਨ ਪਾਂਡੇ, ਅਸ਼ੋਕ ਪੁਰੀ, ਪਵਨ ਓਡਰਾ, ਕਮਲ ਡੋਗਰਾ, ਦਿਲਵੀਰ ਸਿੰਘ ਆਦਿ ਨੇ ਬੇਹਤਰੀਨ ਅਦਾਕਾਰੀ ਕੀਤੀ ਹੈ।
ਫਿਲਮ ਵਿਚ ਡੀ.ਐਸ.ਪੀ ਜੋਰਾਵਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਪਵਨ ਓਡਰਾ ਦਾ ਮੰਨਣਾ ਹੈ ਕਿ “ਗੈਗਸਟਰ ਵਰਸਿਜ ਸਟੇਟ” ਫਿਲਮ ਨਾਲ ਉਸ ਦਾ ਅਦਾਕਾਰੀ ਕੱਦ ਹੋਰ ਉੱਚਾ ਹੋਵੇਗਾ।ਓਡਰਾ ਅਨੁਸਾਰ ਭਾਵੇਂ ਉਹਨਾਂ ਪਹਿਲਾਂ ਵੀ ਕਈ ਫਿਲਮਾਂ ਵਿਚ ਅਦਾਕਾਰੀ ਕੀਤੀ, ਪ੍ਰੰਤੂ ਇਸ ਫਿਲਮ ਦੀ ਕਹਾਣੀ `ਤੇ ਕੰਮ ਕਰਨ ਦਾ ਤਜੱਰਬਾ ਵਿਲੱਖਣ ਰਿਹਾ।ਪਵਨ ਓਡਰਾ ਅਨੁਸਾਰ ਇਹ ਫਿਲਮ ਦਰਸ਼ਕਾਂ ਨੂੰ ਮਨੋਰੰਜਨ ਦੇਣ ਦੇ ਨਾਲ-ਨਾਲ ਨੌਜਵਾਨਾਂ ਲਈ ਇਕ ਸਾਰਥਿਕ ਸੁਨੇਹਾ ਸਾਬਿਤ ਹੋਵੇਗੀ।ਫਿਲਮ ਨਿਰਮਾਤਾ ਕਪਿਲ ਬਤਰਾ ਇਸ ਫਿਲਮ ਨੂੰ ਪੰਜਾਬ ਤੇ ਹਰਿਆਣਾ ਦੇ ਲਗਭਗ ਸੈਕੜੇ ਤੋਂ ਜਿਆਦਾ ਸਿਨੇਮਾਂ ਘਰਾਂ ਵਿਚ ਰਿਲੀਜ਼ ਕਰਨ ਦੀ ਗੱਲ ਆਖ ਰਹੇ ਹਨ।
ਕੁਲਦੀਪ ਸਿੰਘ ਲੋਹਟ
ਪਿੰਡ ਅਖਾੜਾ, ਲੁਧਿਆਣਾ।
ਮੋ – 98764 92410