ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਾਊਥ ਅਮਰੀਕਾ ਦੇ ਦੇਸ਼ ਚਿਲੀ ਦੀ ਰਾਜਧਾਨੀ ਸੈਨਟਿਆਗੋ ਵਿਖੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਮੌਜੂਦਗੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਗੁਰਬਾਣੀ ਅਤੇ ਮੂਲ ਮੰਤਰ ਦੇ ਗਾਇਨ ’ਤੇ ਨ੍ਰਿਤ ਕੀਤੇ ਜਾਣ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਰਤ ਦੇ ਰਾਸ਼ਟਰਪਤੀ ਦੇ ਫੇਸਬੁੱਕ ਪੇਜ਼ ’ਤੇ ਪਾਈ ਗਈ ਇਸ ਵੀਡੀਓ ਮਗਰੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਲੌਂਗੋਵਾਲ ਨੇ ਆਖਿਆ ਕਿ ਮੂਲ ਮੰਤਰ ਅਤੇ ਜਪੁਜੀ ਸਾਹਿਬ ਦੀ ਪਾਵਨ ਗੁਰਬਾਣੀ ਦੀ ਪਹਿਲੀ ਪਾਉੜੀ ਦੇ ਗਾਇਨ ’ਤੇ ਕੀਤਾ ਗਿਆ ਨ੍ਰਿਤ ਸਿੱਖ ਸਿਧਾਂਤਾਂ, ਰਵਾਇਤਾਂ, ਮਰਯਾਦਾ ਤੇ ਕਦਰਾਂ ਕੀਮਤਾਂ ਦੇ ਵਿਰੁੱਧ ਹੈ ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਭਾਰਤ ਦੇ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਅਜਿਹਾ ਕਰਨਾ ਅਤੇ ਫਿਰ ਮਾਨਯੋਗ ਰਾਸ਼ਟਰਪਤੀ ਦੇ ਫੇਸਬੁੱਕ ਪੇਜ ’ਤੇ ਪਾ ਕੇ ਪ੍ਰਸੰਸਾ ਕਰਨੀ ਸਿੱਖ ਧਰਮ ਦੇ ਸਿਧਾਂਤਾਂ ਨੂੰ ਸੱਟ ਮਾਰਨ ਵਾਲੀ ਗੱਲ ਹੈ।ਉਨ੍ਹਾਂ ਆਖਿਆ ਕਿ ਪਾਵਨ ਗੁਰਬਾਣੀ ਅਧਿਆਤਮਕ ਗਿਆਨ ਦਾ ਸੋਮਾ ਹੈ ਅਤੇ ਇਸ ਦਾ ਕੇਵਲ ਸੰਗਤ ਵਿਚ ਕੀਰਤਨ ਹੀ ਕੀਤਾ ਜਾ ਸਕਦਾ ਹੈ।ਗੁਰਬਾਣੀ ਦੇ ਗਾਇਨ ’ਤੇ ਨਾਚ ਕਰਨਾ ਸਿੱਖ ਮਰਯਾਦਾ ਦਾ ਹਿੱਸਾ ਨਹੀਂ ਹੈ, ਜਦਕਿ ਸੈਨਟਿਆਗੋ ਵਿਖੇ ਸਮਗਾਮ ਦੌਰਾਨ ਅਜਿਹਾ ਕਰਕੇ ਸਿੱਖ ਮਰਯਾਦਾ ਨੂੰ ਚੁਣੌਤੀ ਦਿੱਤੀ ਗਈ ਹੈ।
ਲੌਂਗੋਵਾਲ ਨੇ ਆਖਿਆ ਕਿ ਇਹ ਮਾਮਲਾ ਬੇਹੱਦ ਸੰਜ਼ੀਦਾ ਹੈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵਿਚਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …