ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰੰਘ ਔਜਲਾ ਨੇ ਸਥਾਨਕ ਆਗੂਆਂ ਦੀ ਸਹਾਇਤਾ ਨਾਲ ਚੋਣ ਪ੍ਰਚਾਰ ਨੂੰ ਤੇਜ ਕਰਦਿਆਂ ਸ਼ਹਿਰੀ ਹਲਕਿਆਂ ਵਿੱਚ ਮੀਟਿੰਗਾਂ ਕਰਨ ਦੇ ਨਾਲ ਨਾਲ ਕਾਂਗਰਸੀ ਵਰਕਰਾਂ ਦੀਆਂ ਬੂਥ ਪੱਧਰ ਡਿਊਟੀਆਂ ਲਗਾ ਦਿਤੀਆਂ ਹਨ।ਔਜਲਾ ਨੇ ਆਪਣੇ ਚੋਣ ਪ੍ਰਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਕਾਰਨ ਕਾਂਗਰਸ ਪਾਰਟੀ ਨਾਲ ਨਾਰਾਜ਼ ਚਲੇ ਆ ਰਹੇ ਕਾਂਗਰਸੀ ਵਰਕਰਾਂ ਤੇ ਸਥਾਨਕ ਆਗੂਆਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।ਜਿਸ ਕਾਰਨ ਅੰਮ੍ਰਿਤਸਰ ਦੀ ਕਾਂਗਰਸੀ ਲੀਡਰਸ਼ਿਪ ਇਕ ਧਾਗੇ ਵਿੱਚ ਪਰੋਈ ਦਿਖਾਈ ਦੇਵੇਗੀ। ਤੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸੀ ਆਗੂਆਂ ਵਲੋਂ ਇਕਜੁੱਟਤਾ ਨਾਲ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਚਲਾ ਕੇ ਵਿਰੋਧੀ ਪਾਰਟੀਆਂ ਨੂੰ ਚੋਣ ਮੈਦਾਨ ਵਿੱਚ ਮਾਤ ਦਿੱਤੀ ਜਾ ਸਕਦੀ ਹੈ।
ਕਾਂਗਰਸ ਲੀਡਰਸ਼ਿਪ ਵਲੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਜਿੱਤ ਲਈ ਵਿਸੇਸ਼ ਰਣਨੀਤੀ ਉਲੀਕਦਿਆਂ ਹਲਕਾ ਅਨੁਸਾਰ ਚੋਣ ਰੈਲੀਆਂ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਕੀਤਾ ਗਿਆ ਹੈ, ਸ਼ਹਿਰੀ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਮੁਹਿੰਮ ਪੂਰੇ ਜੋਬਨ ਤੇ ਹੈ ਤੇ ਕਾਂਗਰਸੀ ਉਮੀਦਵਾਰ ਸ਼ਹਿਰੀ ਖੇਤਰ ਦੇ ਹਰੇਕ ਛੋਟੇ ਵੱਡੇੇ ਸਮਾਗਮ ਵਿੱਚ ਹਾਜਰੀ ਭਰਕੇ ਚੋਣ ਮੁਹਿੰਮ ਨੂੰ ਦਿਨ-ਬ-ਦਿਨ ਸਿਖਰਾਂ ਵੱਲ ਲਿਜਾ ਰਹੇ ਹਨ। ਜਦਕਿ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ, ਪੀ.ਡੀ.ਏ., ਬਸਪਾ ਸਮੇਤ ਹੋਰਨਾਂ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਣ ਕੀਤਾ ਗਿਆ ਹੈ ਜਦਕਿ ਕਾਂਗਰਸ ਦੀ ਮੁਖ ਵਿਰੋਧੀ ਪਾਰਟੀ ਅਕਾਲੀ-ਭਾਜਪਾ ਗਠਜੋੜ ਵਲੋਂ ਅਜੇ ਤੱਕ ਆਪਣਾ ਉਮੀਦਵਾਰ ਦਾ ਨਾਮ ਨਹੀਂ ਐਲਾਣਿਆ ਗਿਆ ਜਿਸ ਨਾਲ ਜਿਥੇ ਗਠਜੋੜ ਵਰਕਰ ਨਿਰਾਸ਼ ਦਿਖਾਈ ਦੇ ਰਹੇ ਹਨ ਉਥੇ ਹੀ ਅਕਾਲੀ ਦਲ ਦੇ ਸਥਾਨਕ ਆਗੂਆਂ ਵਲੋਂ ਉਮੀਦਵਾਰ ਦੇ ਨਾਮ ਤੋਂ ਬਗੈਰ ਹੀ ਕੀਤਾ ਜਾ ਰਿਹਾ ਚੋਣ ਪ੍ਰਚਾਰ ‘ਬਿਨ੍ਹਾਂ ਲਾੜੇ ਤੋਂ ਬਾਰਾਤ’ ਦੇ ਬਰਾਬਰ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਅਕਾਲੀ ਭਾਜਪਾ ਗਠਜੋੜ ਵਲੋਂ ਉਮੀਦਵਾਰ ਦੇ ਨਾਮ ਦਾ ਐਲਾਣ ਨਾ ਕਰਨ ਤੇ ਚੋਣ ਮੁਹਿੰਮ ਵਿੱਚ ਗਠਜੋੜ ਉਮੀਦਵਾਰ ਕਾਂਗਰਸੀ ਉਮੀਦਵਾਰ ਤੋਂ ਕਾਫੀ ਪਛੜ ਸਕਦਾ ਹੈ।ਅੰਦਰਲੇ ਸੁਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਵਲੋਂ ਫਿਲਮੀ ਸਿਤਾਰਿਆਂ ਤੋਂ ਲੈ ਕੇ ਭਾਜਪਾ ਦੇ ਕੌਮੀ ਆਗੂਆਂ ਸਮੇਤ ਬਹੁਤ ਸਾਰੇ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਵਿਚਾਰਿਆ ਗਿਆ ਸੀ, ਪ੍ਰੰਤੂ 2014 ਵਿੱਚ ਹੋਈ ਲੋਕ ਸਭਾ ਚੋਣ ਦੌਰਾਨ ਭਾਜਪਾ ਦੇ ਚੋਟੀ ਦੇ ਆਗੂ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ 2017 ਵਿੱਚ ਲੋਕ ਸਭਾ ਦੀ ਹੋਈ ਉੱਪ ਚੋਣ ਵਿੱਚ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਹੋਈ ਭਾਜਪਾ ਉਮੀਦਵਾਰ ਦੀ ਹਾਰ ਨੂੰ ਦੇਖਦਿਆਂ ਕੋਈ ਵੀ ਕੱਦਾਵਰ ਨੇਤਾ ਚੋਣ ਮੈਦਾਨ ਵਿੱਚ ਆਉਣ ਨੂੰ ਤਿਆਰ ਨਹੀਂ, ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਭਾਜਪਾ ਵਲੋਂ ਕਿਸੇੇ ਸਥਾਨਕ ਸਿੱਖ ਆਗੂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …