ਗਾਇਕ ਤੋਂ ਅਦਾਕਾਰੀ ਵਿੱਚ ਸਫ਼ਲ ਹੋਏ ਐਮੀ ਵਿਰਕ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਹੈ।ਅੱਜਕਲ ਐਮੀ ਵਿਰਕ ਸੋਨਮ ਬਾਜਵਾ ਨਾਲ ਆ ਰਹੀ ਫ਼ਿਲਮ `ਮੁਕਲਾਵਾ` ਕਰਕੇ ਚਰਚਾ ਵਿੱਚ ਹੈ। ਵਾਇਟ ਹਿੱਲ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਤਾ ਗੁਣਬੀਰ ਸਿੱਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਹਨ।ਇਸ ਫ਼ਿਲਮ ਨੂੰ `ਅੰਗਰੇਜ਼ ਫ਼ਿਲਮ ਨਾਲ ਸੁਰਖੀਆਂ ਵਿੱਚ ਆਏ ਨਿਰਦੇਸ਼ਕ ਸਿਮਰਜੀਤ ਨੇ ਬਣਾਇਆ ਹੈ। 1965 ਦੇ ਜ਼ਮਾਨੇ ਦੀ ਇਸ ਫ਼ਿਲਮ ਵਿੱਚ ਪੁਰਾਣੇ ਵਿਆਹਾਂ ਦੀ ਇੱਕ ਅਹਿਮ ਰਸਮ `ਮੁਕਲਾਵਾ` ਨੂੰ ਅਧਾਰ ਬਣਾ ਕੇ ਮਨੋਰੰਜਨ ਭਰਪੂਰ ਜਾਣਕਾਰੀ ਦਿੱਤੀ ਗਈ ਹੈ।ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ.ਐਨ ਸ਼ਰਮਾ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਸੁਖਬੀਰ ਸਿੰਘ, ਸਰਬਜੀਤ ਚੀਮਾ,ਦ੍ਰਿਸ਼ਟੀ ਗਰੇਵਾਲ, ਤਰਸੇਮ ਪੌਲ, ਅਨੀਤਾ ਸਬਦੀਸ਼, ਵੰਦਨਾ ਕਪੂਰ, ਸੁਖਵਿੰਦਰ ਚਹਿਲ, ਦਿਲਾਵਰ ਸਿੱਧੁ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ।ਇਹ ਫ਼ਿਲਮ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਅਤੇ ਸਮਾਜਿਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਸਾਰਥਕ ਕਾਮੇਡੀ ਅਧਾਰਿਤ ਇੱਕ ਪਰਿਵਾਰਕ ਕਹਾਣੀ ਦੀ ਪੇਸ਼ਕਾਰੀ ਹੈ।
24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੀ ਪਸੰਦ ਬਣਿਆ ਹੋਇਂਆ ਹੈ।ਇਸ ਫਿਲਮ ਦਾ ਗੀਤ ਸੰਗੀਤ ਵੀ ਕਹਾਣੀ ਮੁਤਾਬਕ ਸੁਣਨਯੋਗ ਹੈ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।ਫ਼ਿਲਮ ਦੇ ਗੀਤ ਹੈਪੀ ਰਾਏਕੋਟੀ, ਹਰਮਨਜੀਤ, ਵਿੰਦਰ ਨੱਥੂਮਾਜਰਾ ਅਤੇ ਵੀਤ ਬਲਜੀਤ ਨੇ ਲਿਖੇ ਹਨ ਜਿਸ ਨੂੰ ਐਮੀ ਵਿਰਕ, ਮੰਨਤ ਨੂਰ ਅਤੇ ਕਈ ਹੋਰ ਨਾਮੀਂ ਗਾਇਕਾਂ ਨੇ ਗਾਇਆ ਹੈ।
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000