ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਹਲਕਾ ਵਿਧਾਇਕ
ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।
ਰੈਲੀ ਵਿੱਚ ਵਿਸੇਸ਼ ਤੌਰ `ਤੇ ਪੁੱਜੇ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਦੀ ਮੋਦੀ ਸਰਕਾਰ `ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਦੇਸ਼ ਨੂੰ ਨਫਰਤ ਦੀ ਭੱਠੀ ਵਿੱਚ ਝੋਂਕਣ ਵਾਲੀ ਮੋਦੀ ਸਰਕਾਰ ਨੇ ਮੁਗਲ ਸਾਮਰਾਜ ਦੀ ਯਾਦ ਤਾਜ਼ਾ ਕਰਾਉਂਦਿਆਂ ਸਿੱਖ ਧਰਮ ਦੀ ਅਹਿਮ ਪ੍ਰਥਾ ਲੰਗਰ ਤੇ ਜੀ.ਐਸ.ਟੀ ਲਗਾ ਕੇ ਸਿੱਖ ਧਰਮ ਨਾਲ ਵਿਤਕਰਾ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜੁਆਨਾਂ ਨੂੰ ਡਾਕਟਰ, ਵਿਗਿਆਨੀ ਜਾਂ ਸਾਹਿਤਕਾਰ ਬਨਣ ਦੀ ਪ੍ਰੇਰਨਾ ਦੇਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਨੌਜੁਆਨਾਂ ਨੂੰ ਚਾਹ ਪਕੌੜੇ ਵੇਚਣ ਦੀ ਸਲਾਹ ਦਿਤੀ ਜਾ ਰਹੀ ਹੈ।ਔਜਲਾ ਨੇ ਆਪਣੇ ਕਿਰਦਾਰ ਬਦਲਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਅਖਵਾਉਣ ਵਾਲੇ ਮੋਦੀ ਦੇ ਰਾਜਕਾਲ ਵਿੱਚ ਲੱਖਾਂ ਕਰੋੜ ਰੁਪਏ ਠੱਗ ਕੇ ਦੇਸ਼ ਤੋਂ ਫਰਾਰ ਹੋ ਗਏ, ਜਦਕਿ ਦੇਸ਼ ਦਾ ਚੌਕੀਦਾਰ ਸਰਮਾਏਦਾਰ ਘਰਾਣਿਆਂ ਨਾਲ ਯਾਰੀ ਪੁਗਾਉਂਦਾ ਰਿਹਾ।
ਰੈਲੀ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਗੁਜਰਾਤ ਦੀ ਬੰਜ਼ਰ ਜਮੀਨ ਨੂੰ ਆਪਣੇ ਖੂਨ ਪਸੀਨੇ ਨਾਲ ਉਪਜਾਊ ਬਣਾਉਣ ਵਾਲੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਵਾਲੀ ਤਤਕਾਲੀ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਸ ਪਾ ਕੇ ਉਨ੍ਹਾਂ ਦੀ ਜਮੀਨ ਨੂੰ ਜਬਰਦਸਤੀ ਖੋਹਣ ਦੀ ਕੋਸਿਸ਼ ਕੀਤੀ ਜਾ ਰਹੀ ਹੈ।ਗੁਜਰਾਤ ਦੇ ਕਿਸਾਨ ਆਪਣੇ ਪੇਕੇ ਸੂਬੇ ਪੰਜਾਬ ਵੱਲ ਦੇਖ ਰਹੇ ਸਨ, ਪ੍ਰੰਤੂ ਅਕਾਲੀ ਦਲ ਵਲੋਂ ਗੁਜਰਾਤ ਵੱਸਦੇ ਪੰਜਾਬੀ ਕਿਸਾਨਾਂ ਨਾਲ ਧ੍ਰੋਹ ਕਮਾਉਂਦਿਆਂ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਾ ਮਾਰਦਿਆਂ ਭਾਰਤੀ ਜਨਤਾ ਪਾਰਟੀ ਨਾਲ ਯਾਰੀ ਪੁਗਾ ਕੇ ਬਾਦਲ ਪਰਿਵਾਰ ਨੇ ਗੁਜਰਾਤ ਵੱਸਦੇ ਪੰਜਾਬੀ ਕਿਸਾਨਾਂ ਨਾਲ ਗਦਾਰੀ ਕੀਤੀ।
ਇਸ ਸਮੇਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ (ਦਿਹਾਤੀ) ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ, ਲਖਬੀਰ ਸਿੰਘ ਖਿਆਲਾ, ਸਰਪੰਚ ਸਤਬੀਰ ਸਿੰਘ ਬੋਪਾਰਾਏ, ਸਰਪੰਚ ਕੇਵਲ ਸਿੰਘ ਬੋਪਾਰਾਏ ਖੁਰਦ, ਸਰਪੰਚ ਸਵਿੰਦਰ ਸਿੰਘ ਛਿੱਡਣ, ਸਰਪੰਚ ਬਾਵਾ ਸਿੰਘ ਅਕਾਲੀ ਕਲਾਂ, ਸਰਤਾਜ ਸਿੰਘ ਖਿਆਲਾ ਕਲਾਂ, ਪ੍ਰਗਟ ਸਿੰਘ ਬਰਾੜ, ਸਾਬਕਾ ਸਰਪੰਚ ਬਖਸੀਸ਼ ਸਿੰਘ ਬੋਪਾਰਾਏ, ਸੁਖਦੀਪ ਸਿੰਘ ਸੋਨੂੰ, ਸੁਖਦੇਵ ਸਿੰਘ ਸਾਬਕਾ ਸਰਪੰਚ ਬੋਪਾਰਾਏ ਆਦਿ ਹਾਜਰ ਸਨ।