Tuesday, July 29, 2025
Breaking News

ਮੁੱਖ ਮੰਤਰੀ ਤੋਂ ਚਾਵਾ-ਸਮਰਾਲਾ ਰੋਡ ਤੇ ਖੰਨਾ-ਸਮਰਾਲਾ ਰੋਡ `ਤੇ ਪ੍ਰੀਮਿਕਸ ਪਾਉਣ ਦੀ ਮੰਗ

ਸਮਰਾਲਾ, 16 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਇਲਾਕੇ ਦੀਆਂ ਮੇਨ ਤੇ ਲਿੰਕ ਸੜਕਾਂ ਦੀ ਮੁਰੰਮਤ ਕਰਨ, ਪੱਥਰ ਰੋੜੇ ਤੇ ਪ੍ਰੀਮਿਕਸ ਪਾਉਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕੀਤਾ ਗਿਆ।ਜਥੇਬੰਦੀ ਦੇ ਕਨਵੀਨਰ ਸਿੰਕਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਨੇ ਦੱਸਿਆ ਕਿ ਵੱਖ-ਵੱਖ ਸਮੇਂ ਤੇ ਦਰਜਨਾਂ ਵਾਰ ਜਥੇਬੰਦੀ ਦੇ ਨੁਮਾਇੰਦਿਆਂ ਦੇ ਵਫਦ ਵੀ ਐਸ.ਡੀ.ਐਮ ਸਮਰਾਲਾ ਤੇ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਤੇ ਯਾਦ ਪੱਤਰ ਦਿੰਦੇ ਰਹੇ ਹਨ, ਪਰ ਨਾ ਤਾਂ ਅਕਾਲੀ ਭਾਜਪਾ ਸਰਕਾਰ ਸਮੇਂ ਇਹਨਾਂ ਸੜਕਾਂ ਦੀ ਮੁਰੰਮਤ ਹੋਈ ਤੇ ਨਾ ਹੀ ਹੁਣ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ।ਇਲਾਕੇ ਦੀਆਂ ਕੁੱਝ ਲਿੰਕ ਸੜਕਾਂ ਦੀ ਮੁਰੰਮਤ ਵੀ ਜਥੇਬੰਦੀ ਦੇ ਸੰਘਰਸ਼ ਸਦਕਾ ਹੋਈ ਹੈ, ਪਰ ਅਜੇ ਤੱਕ ਸਭ ਤੋਂ ਮਾੜਾ ਹਾਲ ਸਮਰਾਲਾ-ਚਾਵਾ ਰੋਡ ਦਾ ਹੈ, ਜਿਥੇ ਲਗਾਤਾਰ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਡੂੰਘੇ ਟੋਇਆਂ ਕਰ ਕੇ ਹੋ ਰਿਹਾ ਹੈ।ਪੀ.ਡਬਲਯੂ.ਡੀ ਵਿਭਾਗ ਵਾਲੇ ਵੀ ਕੋਈ ਲੜ ਨਹੀਂ ਫੜਾਉਂਦੇ।ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੀ ਫੂਡ ਪ੍ਰੋਸੈਸਿੰਗ ਦੇ ਪ੍ਰੋਜੈਕਟ ਦਾ ਮਾਛੀਵਾੜਾ ਸਾਹਿਬ ਵਿਖੇ ਉਦਘਾਟਨ ਕਰਨ ਆਏ ਸੀ।ਉਹਨਾਂ ਨੇ ਚਾਵਾ-ਸਮਰਾਲਾ ਰੋਡ ਦਾ ਜ਼ਿਕਰ ਤੱਕ ਨਹੀਂ ਕੀਤਾ, ਜਦ ਕਿ ਇਲਾਕੇ ਦੀ ਪਹਿਲ ਦੇ ਅਧਾਰ `ਤੇ ਇਸ ਮਾੜੀ ਹਾਲਤ ਕਾਰਨ ਲੋਕਾਂ ਦੀ ਜਾਨ ਦਾ ਖੌਅ ਬਣੀ ਚਾਵਾ-ਸਮਰਾਲਾ ਰੋਡ ਦੀ ਸਹੀ ਢੰਗ ਨਾਲ ਮੁਰੰਮਤ ਕਰਨ, ਪ੍ਰੀਮਿਕਸ ਪਾਉਣ ਦੀ ਮੁੱਖ ਮੰਗ ਹੈ ਅਤੇ ਇਸੇ ਤਰ੍ਹਾਂ ਖੰਨਾ-ਸਮਰਾਲਾ ਰੋਡ ਜੋ ਅੱਧ ਵਿਚਕਾਰ ਲਟਕ ਗਈ ਹੈ।
               ਕਨਵੀਨਰ ਸਿੰਕਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਨੇ ਕਿਹਾ ਕਿ ਜੇਕਰ ਸਬੰਧਿਤ ਵਿਭਾਗ ਜਦੋਂ ਕਿਸੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਦਾ ਤਾਂ ਛੋਟੇ ਜਿਹੇ ਕੰਮ ਨੂੰ ਕਈ ਕਈ ਦਿਨ ਲਟਕਾਇਆ ਜਾਂਦਾ। ਉਨਾਂ ਕਿਹਾ ਕਿ ਅਗਰ ਹੁਣ ਫਿਰ ਬਰਸਾਤਾਂ ਦਾ ਬਹਾਨਾ ਲਿਆ ਲੈ ਕੇ ਸੜਕਾਂ ਦੀ ਮੁਰੰਮਤ ਸ਼ੁਰੂ ਨਾ ਹੋਈ ਤਾਂ ਇਸ ਤੋਂ ਜਾਹਿਰ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਸਮੇਂ ਵੀ ਸ਼ਹਿਰ ਸਮਰਾਲੇ ਦਾ ਕਿਸੇ ਵੀ ਕਿਸਮ ਦਾ ਕੋਈ ਵਿਕਾਸ ਨਹੀਂ ਹੋਣਾ।ਆਗੂਆਂ ਨੇ ਬਹਿਲੋਲਪੁਰ ਰੋਡ ਦੇ ਲਾਂਘੇ ਸਬੰਧੀ ਇਲਾਕੇ ਦੇ ਲੋਕਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਿਆਂ ਇਸ ਰੋਡ `ਤੇ ਪੁਲ ਬਣਾਉਣ ਦੀ ਮੰਗ ਕੀਤੀ ਹੈ ਤਾਂ ਕਿ ਵਹੀਕਲਾਂ ਅਤੇ ਲੋਕਾਂ ਦਾ ਆਉਣ ਜਾਣ ਦਾ ਲਾਂਘਾ ਬਰਕਰਾਰ ਰਹਿ ਸਕੇ।ਆਗੂਆਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਆਪਣੇ ਹੱਕਾਂ ਲਈ ਜੋਰਦਾਰ ਆਵਾਜ਼ ਬੁਲੰਦ ਕਰਨ। ਉਨਾਂ ਪੰਜਾਬ ਸਰਕਾਰ ਤੇ ਮੰਗ ਕੀਤੀ ਹੈ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply