6 ਪਿੰਡਾਂ ਲਈ 3 ਕਰੋੜ ਜਾਰੀ, ਜ਼ਿਲ੍ਹਾ ਪ੍ਰਸ਼ਾਸਨ 37 ਕਰੋੜ ਦੇ ਪ੍ਰੋਜੈਕਟ ਸਰਕਾਰ ਨੂੰ ਭੇਜੇ
ਸੰਗਰੂਰ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਸਮਾਗਮਾਂ ਨੂੰ ਮੁੱਖ ਰੱਖਦੇ
ਹੋਏ ਰਾਜ ਦੇ ਉਨ੍ਹਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਦਾ ਫੈਸਲਾ ਕੀਤਾ ਗਿਆ ਸੀ ਜਿਨ੍ਹਾਂ ਪਿੰਡਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 12 ਪਿੰਡਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲੇ ਪੜਾਅ ਤਹਿਤ 6 ਪਿੰਡਾਂ ਲਈ 3 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ 3 ਕਰੋੜ ਰੁਪਏ ਦੀ ਰਾਸ਼ੀ ਮਗਨਰੇਗਾ ਵਿੱਚੋਂ ਮਿਲਾਈ ਜਾਣੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਮੰਗਵਾਲ, ਅਕੋਈ ਸਾਹਿਬ, ਗਹਿਲਾਂ, ਕਮਾਲਪੁਰ, ਕਾਂਝਲਾ ਅਤੇ ਬਹਾਦਰਪੁਰ ਦੇ ਵਿਕਾਸ ਲਈ ਸਰਕਾਰ ਨੂੰ ਲਗਭਗ 37 ਕਰੋੜ ਰੁਪਏ ਦੀ ਰਾਸ਼ੀ ਦੇ ਪ੍ਰੋਜੈਕਟ ਭੇਜੇ ਗਏ ਸਨ ਜਿਸ ਦੇ ਤਹਿਤ ਪਹਿਲੇ ਪੜਾਅ ਵਜੋਂ ਸਰਕਾਰ ਵੱਲੋਂ ਪ੍ਰਤੀ ਪਿੰਡ ਲਈ 50-50 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ ਅਤੇ ਏਨੀ ਹੀ ਰਾਸ਼ੀ ਮਗਨਰੇਗਾ ਵਿੱਚੋਂ ਮਿਲਾਉਣ ਉਪਰੰਤ ਹਰੇਕ ਪਿੰਡ ਲਈ 1-1 ਕਰੋੜ ਰੁਪਏ ਨਾਲ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਬਾਕੀ 6 ਪਿੰਡਾਂ ਖੇੜੀ ਜੱਟਾਂ, ਢਡੋਗਲ, ਭੱਦਲ ਵੱਡ, ਭਲਵਾਨ, ਖੁਰਾਣਾ ਅਤੇ ਘਨੌੜ ਜੱਟਾਂ ਲਈ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਇਨ੍ਹਾਂ ਦੇ ਕਾਇਆ ਕਲਪ ਦੀ ਵੀ ਪ੍ਰਕਿਰਿਆ ਆਰੰਭ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਨੂੰ ਜਾਂਦੀਆਂ ਸੜਕਾਂ ਦਾ ਸੁਧਾਰ ਕਰਵਾਉਣ ਤੋਂ ਇਲਾਵਾ ਪਿੰਡਾਂ ਵਿੱਚ ਸੀ.ਸੀ.ਟੀ.ਵੀ ਕੈਮਰੇ, ਸਟਰੀਟ ਲਾਈਟਾਂ, ਸੀਵਰੇਜ ਸੁਵਿਧਾ, ਛੱਪੜਾਂ ਦਾ ਸੁਧਾਰ ਤੇ ਨਵੀਨੀਕਰਨ, ਇੰਟਰਲਾਕ ਟਾਈਲਾਂ ਨਾਲ ਪਿੰਡਾਂ ਦੀਆਂ ਗਲੀਆਂ ਪੱਕੀਆਂ ਕਰਨੀਆਂ, ਆਦਮੀਆਂ ਤੇ ਔਰਤਾਂ ਲਈ ਵੱਖ-ਵੱਖ ਪਾਰਕਾਂ ਦੀ ਉਸਾਰੀ, ਜਿੰਮਾਂ ਦਾ ਨਿਰਮਾਣ ਅਤੇ ਜਿੰਮ ਲਈ ਲੋੜੀਂਦੀਆਂ ਮਸ਼ੀਨਾਂ ਤੇ ਹੋਰ ਸਮਾਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਮੌਜੂਦ ਬੁਨਿਆਦੀ ਢਾਂਚੇ ਆਂਗਣਵਾੜੀ ਕੇਂਦਰਾਂ, ਸਕੂਲਾਂ ਦੀਆਂ ਇਮਾਰਤਾਂ, ਵੱਖ-ਵੱਖ ਧਰਮਸ਼ਾਲਾਵਾਂ, ਸ਼ਮਸ਼ਾਨਘਾਟ ਆਦਿ ਵਿੱਚ ਵੀ ਲੋੜੀਂਦੇ ਸੁਧਾਰ ਯਕੀਨੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਕੜੀ ਤਹਿਤ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ 550 ਬੂਟੇ ਲਗਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਪ੍ਰਗਤੀ ਅਧੀਨ ਹੈ ਅਤੇ ਇਨ੍ਹਾਂ ਨਿਰਧਾਰਿਤ ਟੀਚਿਆਂ ਨੂੰ ਸਤੰਬਰ 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media