Thursday, November 21, 2024

ਟੀਕੇ (ਮਿੰਨੀ ਕਹਾਣੀ)

      Drugsਗਰਮੀਆਂ ਦੀਆਂ ਛੁੱਟੀਆਂ ਵਿੱਚ ਮਾਸਟਰ ਹਰਨੇਕ ਸਕੂਲ ਗੇੜਾ ਮਾਰਨ ਗਿਆ ਤਾਂ ਉਸ ਨੂੰ ਦਫਤਰ ਦੇ ਪਿਛਲੇ ਪਾਸੇ ਕਿਸੇ ਦੇ ਬੈਠੇ ਹੋਣ ਦੀ ਭਿਣਕ ਪਈ ਅਤੇ ਜਦੋਂ ਉਸ ਨੇ ਦੱਬੇ ਪੈਰੀਂ ਜਾ ਕੇ ਦੇਖਿਆ ਤਾਂ ਦੋ ਨੌਜਵਾਨ ਕੰਧ ਨਾਲ  ਲੇਟੇ ਹੋਏ ਇੱਕ-ਦੂਜੇ ਦੀਆਂ ਬਾਹਾਂ ਵਿੱਚ ਬੜੀ ਬੇਦਰਦੀ ਨਾਲ ਸਰਿੰਜਾਂ ਲਾਈ ਜਾ ਰਹੇ ਸੀ ।
     ਗੌਰ ਨਾਲ ਦੇਖਣ ਤੇ ਹਰਨੇਕ ਦੇ ਹੋਸ਼ ਉੱਡ ਗਏ ਕਿ ਇਹ ਤਾਂ ਬਬਲੂ ਅਤੇ ਜੀਤਾ ਨੇ, ਜੋ ਕੁੱਝ-ਕੁ ਸਾਲ ਪਹਿਲਾਂ ਹੀ ਉਸ ਕੋਲ ਪੜ੍ਹਦੇ ਸਨ।ਉਸ ਦੀਆਂ ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਦੋਵੇਂ ਹੋਣਹਾਰ ਬੱਚੇ ਇਸ ਕੁਰਾਹੇ ਕਿੰਝ ਪੈ ਸਕਦੇ ਐ।
     ਅੱਗੋਂ ਉਹ ਵੀ ਹੱਥ ਜੋੜ ਕੇ ਕਹਿਣ ਲੱਗੇ, ” ਸਰ ਜੀ!! ਸਾਨੂੰ ਮਾਫ ਕਰ ਦੇਓ, ਅਸੀਂ ਮੁੜ ਕੇ ਨਹੀਂ ਏਹੋ ਜੀ ਕੋਈ ਗਲਤੀ ਕਰਦੈ”
       ” ਓਏ ਪੁੱਤਰੋ !! ਤੁਸੀਂ ਤਾਂ ਟੀਕੇ ਲੱਗਣ ਆਲੇ ਦਿਨ ਸਕੂਲ ਨਹੀਂ ਸੀ ਆਉਂਦੇ, ਜੇ ਕਿਤੇ ਆ ਵੀ ਜਾਂਦੇ ਸੀ ਤਾਂ ਡਰਦੇ ਮਾਰੇ ਕੰਧ ਟੱਪ ਕੇ ਭੱਜ ਜਾਂਦੇ ਸੀ, ਹੁਣ ਤੁਸੀਂ ਐਨੇ ਬੇਖੌਫ਼ ਕਿਵੇਂ ਹੋ ਗਏ ? ” ਹਰਨੇਕ ਅਤੀਤ ਚੇਤੇ ਕਰਦਿਆਂ ਬੋਲਿਆ।
       ” ਸਰ ਜੀ !! ਤੁਹਾਨੂੰ ਤਾਂ ਪਤੈ ਈ ਐ, ਅਸੀਂ ਪੜ੍ਹਨ `ਚ ਕਿੰਨੇ ਹੁਸ਼ਿਆਰ ਸਾਂ, ਪੜ੍ਹਾਈ ਪੂਰੀ ਹੋਣ ਮਗਰੋਂ ਅਸੀਂ ਰੁਜ਼ਗਾਰ ਲਈ ਕਈ ਪਾਪੜ ਵੇਲੇ, ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ “ਬਬਲੂ ਨੇ ਭਾਵਕ ਹੁੰਦਿਆਂ ਕਿਹਾ।
” ਪਰ ਪੁੱਤਰੋ !! ਇਹ ਕੋਈ ਮਸਲੇ ਦਾ ਹੱਲ ਥੋੜ੍ਹੀ ਐ, ਥੋਨੂੰ !! ਇੰਨ੍ਹਾਂ ਜ਼ਿੰਦਗੀ ਬਰਬਾਦ ਕਰਨ ਵਾਲੇ ਟੀਕਿਆਂ ਤੋਂ ਡਰ ਨਹੀਂ ਲੱਗਦੈ ” ਹਰਨੇਕ ਨੇ ਪੁੱਛਿਆ ।
        ” ਸਰ ਜੀ !! ਸਾਨੂੰ ਭਵਿੱਖ ਦੇ ਹਾਲਾਤ ਇਸ ਨਾਲੋਂ ਕਿਤੇ ਵੱਧ ਡਰਾਵਣੇ ਦਿਸਦੇ ਐ, ਤਾਈਂਓ ਤਾਂ ਅਸੀਂ ਐਹ ਅੱਕ ਚੱਬਣ ਲਈ ਮਜਬੂਰ ਆਂ ”
       ਇਹ ਕਹਿੰਦਾ ਜੀਤਾ ਅੱਖਾਂ ਭਰ ਆਇਆ।
          ਹਰਨੇਕ ਨੇ ਦੋਵਾਂ ਨੂੰ ਨਰਕ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਨਾਲ ਬੈਠ ਕੁੱਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਓਹ ਅਸਲੀਅਤ ਸਮਝ ਕੇ ਜੋਸ਼ ਨਾਲ ਬੋਲੇ,
      ” ਸਰ ਜੀ!! ਤੁਸੀਂ ਤਾਂ ਸਾਡੀਆਂ ਅੱਖਾਂ ਈ ਖੋਲ੍ਹ ਦਿੱਤੀਆਂ ਨੇ, ਅੱਜ ਤੋਂ ਬਾਅਦ ਅਸੀਂ ਇਹ ਟੀਕੇ ਆਪਣੀਆਂ ਬਾਹਾਂ ਵਿੱਚ ਨਹੀਂ, ਸਗੋਂ ਸਾਡੇ ਇੰਨ੍ਹਾਂ ਹਾਲਾਤਾਂ ਲਈ ਜਿੰਮੇਵਾਰ ਹਾਕਮਾਂ ਦੀ ਹਿੱਕ ਵਿੱਚ ਉਦੋਂ ਜਰੂਰ ਲਾਵਾਂਗੇ”, ਜਦ ਉਹ ਵੋਟਾਂ ਮੰਗਣ ਆਉਣਗੇ।
Sukhwinder Dangrh

 

 

ਮਾਸਟਰ ਸੁਖਵਿੰਦਰ ਦਾਨਗੜ੍ਹ
ਮੋ – 94171 80205

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply