ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ।ਜਦੋਂ ਟੂਰਨਾਮੈਂਟ ਸਮਾਪਤ ਹੋਇਆ ਤਾਂ ਕਬੱਡੀ ਟੂਰਨਾਮੈਂਟ ਦੇ ਕਲੱਬ ਦਾ ਪ੍ਰਧਾਨ ਨੀਟਾ, ਜੇਤੂ ਟੀਮ ਦੇ ਖਿਡਾਰੀਆਂ ਨੂੰ ਬੋਲਿਆ, “ਸਾਥੀਓ, ਤੁਸੀਂ ਅਗਲੇ ਸਾਲ ਵੀ ਸਾਡੇ ਟੂਰਨਾਮੈਂਟ ’ਤੇ ਜਰੂਰ ਆਉਣਾ ਜੀ, ਕਿਉਂਕਿ ਅਗਲੇ ਸਾਲ ਅਸੀਂ ਇਸ ਤੋਂ ਵੀ ਜਿਆਦਾ ਵਧੀਆ ਟੂਰਨਾਮੈਂਟ ਕਰਾਉਣਾ ਏ।ਐਤਕੀਂ ਤਾਂ ਅਸੀਂ ਟੂਰਨਾਮੈਂਟ ’ਤੇ 10 ਲੱਖ ਰੁਪਿਆ ਹੀ ਖਰਚਿਆ ਏ, ਅਗਲੇ ਸਾਲ ਤਾਂ ਪੂਰਾ 15 ਲੱਖ ਰੁਪਿਆ ਖਰਚਣਾ ਏ।”
ਨੀਟੇ ਦੇ ਮੂੰਹੋਂ ਇਹ ਗੱਲ ਸੁਣ ਕੇ ਕੋਲ ਖੜ੍ਹਾ ਇੱਕ ਅਧਖੜ੍ਹ ਉਮਰ ਦੇ ਬੰਦੇ ਨੇ ਪ੍ਰਧਾਨ ਨੀਟੇ ਨੂੰ ਸੰਬੋਧਨ ਹੁੰਦਿਆਂ ਕਿਹਾ, “ਪੁੱਤਰਾਂ, ਜੇ ਤੈਨੂੰ ਇਕ ਗੱਲ ਆਖਾਂ ਤਾਂ ਗੁੱਸਾ ਤਾਂ ਨੀ ਕਰੇਗਾ।”
“ਨਹੀਂ ਨਹੀਂ ਅੰਕਲ ਜੀ, ਤੁਸੀਂ ਗੱਲ ਦੱਸੋ,” ਪ੍ਰਧਾਨ ਨੀਟਾ ਬੋਲਿਆ।
“ਪੁੱਤਰਾ, ਐਤਕੀਂ ਕਿੰਨੇ ਹੀ ਕਿਸਾਨਾਂ ਦੀ ਹਜਾਰਾਂ ਏਕੜ ਕਣਕ ਗੜਿਆਂ ਨਾਲ ਤੇ ਅੱਗ ਨਾਲ ਤਬਾਹ ਹੋ ਗਈ ਏ, ਕਈ ਵਿਚਾਰੇ ਕਿਸਾਨਾਂ ਦੇ ਘਰ ਤਾਂ ਖਾਣ ਜੋਗੇ ਵੀ ਦਾਣੇ ਨਹੀਂ ਬਚੇ, ਜਿਹੜਾ ਤੁਸੀਂ ਆਹ 10 ਲੱਖ ਰੁਪਿਆ ਟੂਰਨਾਮੈਂਟ ’ਤੇ ਖਰਚਿਆ ਏ, ਜੇ ਏਹੀ ਪੈਸਾ ਉਨ੍ਹਾਂ ਕਿਸਾਨਾਂ ਨੂੰ ਦੇ ਦਿੰਦੇ, ਟੂਰਨਾਮੈਂਟ ਵੱਲੋਂ ਤਾਂ ਸਰ ਵੀ ਸਕਦਾ ਸੀ,” ਅਧਖੜ ਉਮਰ ਦੇ ਬੰਦੇ ਨੇ ਆਖਿਆ।
“ਛੋਟੇ ਭਾਈ, ਗੱਲ ਤਾਂ ਤੇਰੀ ਸਿਆਣੀ ਏ, ਟੂਰਨਾਮੈਂਟ ਨਾਲੋਂ ਵੱਧ ਜਰੂਰਤ ਅੱਜ ਇਹੋ ਜਹੇ ਲੋੜਵੰਦਾਂ ਦੀ ਮਦਦ ਕਰਨ ਦੀ ਏ, ਕੋਲ ਖੜ੍ਹਾ ਇੱਕ ਬਜ਼ੁਰਗ ਬੋਲਿਆ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋ – 98763-22677