ਕੋਈ ਕਾਰੋਬਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ, ਬੱਸ ਕੰਮਕਾਰ ਪ੍ਰਤੀ ਲਗਨ ‘ਤੇ ਜਨੂੰਨ ਜਰੂਰੀ- ਸ੍ਰੀਮਤੀ ਬੇਦੀ
ਅੰਮ੍ਰਿਤਸਰ, 17 ਸਤੰਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਇੰਟਰਪ੍ਰਰੈਨਯੋਰਸ਼ਿਪ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਦੇ ਸਹਿਯੋਗ ਨਾਲ ਖ਼ੇਤਰੀ ਸੈਂਟਰ ਇੰਟਰਪ੍ਰਰੈਨਯੋਰਸ਼ਿਪ ਵਿਭਾਗ, ਚੰਡੀਗੜ੍ਹ ਅਤੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਭਾਰਤ ਸਰਕਾਰ, ਅਹਿਮਾਬਾਦ ਵੱਲੋਂ ਆਯੋਜਿਤ ਇਸ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਆਈ ਮਾਹਿਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਦੇ ਵੱਖ-ਵੱਖ ਮੌਕਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਪ੍ਰੋਗਰਾਮ ਦੀ ਕੋਆਰਡੀਨੇਟਰ ਸ੍ਰੀਮਤੀ ਜਸਪਾਲ ਬੇਦੀ ਅਤੇ ਉਨ੍ਹਾਂ ਟੀਮ ਦਾ ਕਾਲਜ ਦੇ ਵਿਹੜੇ ਵਿੱਚ ਪੁੱਜਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਇਸ ਮੌਕੇ ਸ੍ਰੀਮਤੀ ਬੇਦੀ ਨੇ ਵਿਦਿਆਰਥੀਆਂ ਨੂੰ ਕੰਮਕਾਰ ਦੇ ਢੰਗ-ਤਰੀਕਿਆਂ ਤੋਂ ਵਾਕੀਫ਼ ਕਰਵਾਉਂਦਿਆ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੈ, ਸਿਰਫ਼ ਇਨਸਾਨ ਦੀ ਨੀਅਤ ਅਤੇ ਕੰਮ ਪ੍ਰਤੀ ਲਗਨ ਤੇ ਜਨੂੰਨ ਹੋਣਾ ਚਾਹੀਦਾ ਹੈ ਕਿ ਉਸ ਦੁਆਰਾ ਕੀਤੇ ਜਾ ਰਹੇ ਕੰਮਕਾਰ ਨੂੰ ਸਿਖ਼ਰ ‘ਤੇ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਅਜੋਕੇ ਯੁੱਗ ਵਿੱਚ ਕਈ ਅਜਿਹੇ ਧੰਦੇ ਉਭਰ ਰਹੇ ਹਨ ਜਿਸ ਲਈ ਵਧੇਰੇ ਦੌੜ-ਭੱਜ ਦੀ ਲੋੜ ਨਹੀਂ ਅਤੇ ਅਰਾਮ ਨਾਲ ਉਹ ਆਪਣੇ ਕਾਰੋਬਾਰ ਮਿੱਥੇ ਸਮੇਂ ਮੁਤਾਬਕ ਕਰਕੇ ਜਿੱਥੇ ਪਰਿਵਾਰ ਦਾ ਪਾਲਣ ਪੋਸਣ ਕਰ ਸਕਦਾ ਹੈ, ਉੱਥੇ ਸਮਾਜ ਵਿੱਚ ਆਪਣੇ ਤਜ਼ਰਬਿਆਂ ਨਾਲ ਨਵੀਂ ਵੀ ਦਿਸ਼ਾ ਪ੍ਰਦਾਨ ਕਰਨ ਲਈ ਯੋਗਦਾਨ ਪਾ ਸਕਦਾ ਹੈ।
ਪ੍ਰਿੰ: ਡਾ. ਅਮਰਪਾਲ ਸਿੰਘ ਨੇ ਆਏ ਮਹਿਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਰੋਜਗਾਰ ਸਬੰਧੀ ਸ੍ਰੀਮਤੀ ਜਸਪਾਲ ਬੇਦੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਵਿਦਿਆਰਥੀਆਂ ਨੂੰ ਜਿੱਥੇ ਰੋਜਗਾਰ ਸਬੰਧੀ ਉੱਚੀ ਸੋਚ ਨੂੰ ਉਜਾਗਰ ਕਰੇਗਾ, ਉੱਥੇ ਆਪਣੀ ਸੋਝ-ਬੁਝ ਨਾਲ ਆਪਣੇ ਕਾਰੋਬਾਰ ਨੂੰ ਆਪਣੇ ਮਿੱਥੇ ਟੀਚੇ ਤੱਕ ਲੈ ਕੇ ਜਾਣ ਲਈ ਸੰਘਰਸਸ਼ੀਲ ਰਵੱਈਆ ਅਪਨਾਉਂਦਿਆ ਕਾਮਯਾਬੀ ਦੇ ਮੁਕਾਮ ‘ਤੇ ਲੈ ਕੇ ਜਾਣਗੇ। ਕੈਂਪ ਮੌਕੇ ਮਕੈਨੀਕਲ ਵਿਭਾਗ ਦੇ ਮੁੱਖੀ ਇੰ: ਆਰ. ਐੱਸ. ਮਾਹਲ, ਸਿਵਲ ਇੰਜ਼ੀਨੀਅਰਿੰਗ ਵਿਭਾਗ ਦੇ ਮੁੱਖੀ ਇੰ: ਬਿਕਰਮ ਸਿੰਘ, ਇੰ: ਕਿਰਨਦੀਪ ਸਿੰਘ, ਇੰ: ਸੰਜੀਵ ਕੁਮਾਰ, ਇੰ: ਸਾਹਿਲ ਵਰਮਾ, ਇੰ: ਗੁਰਚਰਨ ਸਿੰਘ, ਇੰ: ਸੁਖਮੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।