Thursday, November 21, 2024

ਐਕਟਰ ਤੇ ਡਾਇਰੈਕਟਰ ਵਰਿੰਦਰ ਨੂੰ ਯਾਦ ਕਰਦਿਆਂ

           Varinder pic1ਐਕਟਰ ਅਤੇ ਡਾਇਰੈਕਟਰ ਵਰਿੰਦਰ ਦਾ ਜਨਮ 29 ਜਨਵਰੀ 1948 ਨੂੰ ਪੰਜਾਬ `ਚ ਹੋਇਆ ਸੀ ਤੇ 6 ਦਸੰਬਰ 1988 ਨੂੰ ਚੰਡੀਗੜ੍ਹ `ਚ ਚਲਾਣਾ ਕਰ ਗਏ।ਪੰਮੀ ਵਰਿੰਦਰ ਨਾਲ ਵਿਆਹੇ ਐਕਟਰ ਵਰਿੰਦਰ ਆਪਣੇ ਪਿੱਛੇ 3 ਬੱਚੇ ਛੱਡ ਗਏ ਸਨ।ਉਹ ਸਦਾ ਬਹਾਰ ਬਾਲੀਵੁੱਡ ਕਲਾਕਾਰ ਧਰਮਿੰਦਰ ਦਾ ਚਚੇਰਾ ਭਰਾ ਸਨ।ਵਰਿੰਦਰ ਦੀਆਂ ਕਈ ਹਰ ਫ਼ਿਲਮ ਹੀ ਹਿੱਟ ਹੋਣ ਕਾਰਨ ਕਿਸੇ ਨੇ ਉਸ ਨੂੰ ਗੋਲੀ ਨਾਲ ਮਾਰਿਆ ਸੀ।
            ਆਪਣੇ ਚਚੇਰੇ ਭਰਾ ਅਭਿਨੇਤਾ ਕੰਵਰ ਅਜੀਤ ਸਿੰਘ (ਧਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ) ਨਾਲ ਇਕੋ ਦਿਨ ਦੋ ਭੈਣਾਂ ਊਸ਼ਾ ਅਤੇ ਪੰਮੀ ਵਿਚੋਂ ਵਰਿੰਦਰ ਦਾ ਵਿਆਹ ਪੰਮੀ ਨਾਲ ਹੋਇਆ।ਪੰਮੀ ਵਰਿੰਦਰ ਨੇ 1989 ਵਿੱਚ ਵਰਿੰਦਰ ਲਈ ਇੱਕ ਸ਼ਰਧਾਂਜਲੀ ਐਲਬਮ ਦਾ ਨਿਰਮਾਣ ਕੀਤਾ, ਜਿਸ ਵਿੱਚ ਦਿਲਸ਼ਾਦ ਅਖ਼ਤਰ, ਸੁਖਵਿੰਦਰ ਸਿੰਘ, ਮੰਗਲ ਸਿੰਘ ਗਾਇਕ ਸਨ।ਉਨ੍ਹਾਂ ਦੀ ਮੌਤ ਤੋਂ ਬਾਅਦ ਇਕ ਪੁਸਤਕ “ਵਰਿੰਦਰ-ਦ ਸੋਨ ਆਫ਼ ਪੰਜਾਬ ਜੋ ਹਜ਼ ਲਵਡ, ਲਵਡ ਐਂਡ ਡੈਇਡ ਫਾਰ ਪੰਜਾਬ’’ ਦੇ ਸਿਰਲੇਖ ਹੇਠ ਇਕ ਕਿਤਾਬ ਪ੍ਰਕਾਸ਼ਿਤ ਹੋਈ।ਕਈ ਟਿੱਪਣੀਆਂ ਸੰਜੇ ਦੱਤ, ਰਿਸ਼ੀ ਕਪੂਰ, ਸ੍ਰੀਦੇਵੀ, ਵਿਨੋਦ ਮੇਹਰਾ, ਮੰਡਕੀ, ਅਨੁਪਮ ਖੇਰ ਨੇ ਲਿਖੀਆਂ ਸਨ।ਮਰਹੂਮ ਵਰਿੰਦਰ ਨੂੰ ਯਾਦ ਕਰਦਿਆਂ ਪੰਜਾਬੀ ਸਿਨਮਾ ਦਾ ਸੁਨਹਿਰੀ ਯੁੱਗ ਅੱਖਾਂ ਸਾਹਮਣੇ ਆ ਜਾਂਦਾ ਹੈ।ਇੱਕੋ ਸਮੇਂ ਫ਼ਿਲਮ ਵਿੱਚ ਨਾਇਕ ਦੀ ਭੂਮਿਕਾ ਨਿਭਾਉਣਾ, ਸਕਰੀਨ ਪਲੇਅ, ਨਿਰਮਾਣ, ਨਿਰਦੇਸ਼ਨ ਤੇ ਫ਼ਿਲਮ ਦੀ ਕਹਾਣੀ ਲਿਖਣਾ ਵਰਿੰਦਰ ਦੇ ਹੀ ਹਿੱਸੇ ਆਇਆ ਹੈ।ਵਰਿੰਦਰ ਦਾ ਫ਼ਿਲਮਾਂ ਵਿੱਚ ਕੰਮ ਕਰਨ ਦਾ ਸੁਪਨਾ ਉਦੋਂ ਪੂਰਾ ਹੋਇਆ ਜਦੋਂ ਉਸ ਦੇ ਚਚੇਰੇ ਭਰਾ ਧਰਮਿੰਦਰ ਨੇ ਉਨ੍ਹਾਂ ਨੂੰ 1975 ਵਿੱਚ ਆਈ ਪੰਜਾਬੀ ਫ਼ਿਲਮ ‘ਤੇਰੀ ਮੇਰੀ ਇਕ ਜਿੰਦੜੀ‘ ਵਿੱਚ ਬਤੌਰ ਹੀਰੋ ਮੌਕਾ ਦਿੱਤਾ।ਉਸ ਦੀ ਇਹ ਪਹਿਲੀ ਫ਼ਿਲਮ ਸੀ।ਇਸ ਤੋਂ ਬਾਅਦ ਵਰਿੰਦਰ ਨੇ ਕਈ ਫ਼ਿਲਮਾਂ ਦੀ ਪਟਕਥਾ ਲਿਖੀ ਤੇ ਕਈ ਫ਼ਿਲਮਾਂ ਦਾ ਨਿਰਮਾਤਾ ਅਤੇ ਨਿਰਦੇਸ਼ਕ ਬਣਿਆ।ਉਸ ਸਮੇਂ ਲੋਕ ਵਰਿੰਦਰ ਤੇ ਮੇਹਰ ਮਿੱਤਲ ਨੂੰ ਹਰ ਫ਼ਿਲਮ ਵਿੱਚ ਦੇਖਣਾ ਚਾਹੁੰਦੇ ਸਨ।ਉਸ ਨੇ ਕਈ ਨਵੇਂ ਕਲਾਕਾਰਾਂ ਨੂੰ ਆਪਣੀਆਂ ਫ਼ਿਲਮਾਂ ਰਾਹੀਂ ਮੌਕਾ ਦਿੱਤਾ।ਪੰਜਾਬੀ ਫ਼ਿਲਮਾਂ ਦੀ ਵਿਦੇਸ਼ਾਂ ਵਿੱਚ ਸ਼ੂਟਿੰਗ ਦੀ ਸ਼ੁਰੂਆਤ ਵੀ ਵਰਿੰਦਰ ਦੀਆਂ ਫ਼ਿਲਮਾਂ ਤੋਂ ਹੀ ਹੋਈ।ਉਸ ਦੀਆਂ ਸਾਰੀਆਂ ਫ਼ਿਲਮਾਂ ਹੀ ਸਫਲ ਹੋਈਆਂ, ਕਿਉਂਕਿ ਹਰ ਫ਼ਿਲਮ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਸੀ।
             ਵਰਿੰਦਰ ਵੱਲੋਂ ਪੰਜਾਬ ਵਾਸੀਆਂ ਨੂੰ ਪੰਜਾਬੀ ਫ਼ਿਲਮਾਂ ਲਈ ਇੱਕ ਲੇਖਕ, ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ‘ਤੇ ਵਰਿੰਦਰ ਨੇ ਯਾਰੀ ਜੱਟ ਦੀ, ਲੰਬੜਦਾਰਨੀ, ਜਿੰਦੜੀ ਯਾਰ ਦੀ, ਸੰਤੋ ਬੰਤੋ, ਟਾਕਰਾ, ਤੇਰੀ ਮੇਰੀ ਇੱਕ ਜਿੰਦੜੀ, ਜੱਟ ਤੇ ਜ਼ਮੀਨ, ਪਟੋਲਾ, ਨਿੰਮੋ, ਜੱਟ ਸੂਰਮੇ, ਸਰਪੰਚ, ਰਾਂਝਣ ਮੇਰਾ ਯਾਰ, ਸੰਤੋ ਬੰਤੋ, ਦੁਸ਼ਮਣੀ ਦੀ ਅੱਗ, ਬਟਵਾਰਾ, ਲਾਜੋ ਤੇ ਬਲਬੀਰੋ ਭਾਬੀ ਵਿੱਚ ਕੰਮ ਕੀਤਾ।ਉਸ ਦੀਆਂ ਸਰਦਾਰਾ ਕਰਤਾਰਾ, ਜਿਗਰੀ ਯਾਰ, ਕੁੰਵਾਰਾ ਮਾਮਾ, ਰਾਣੋ, ਵੈਰੀ ਜੱਟ, ਗਿੱਧਾ, ਦੋ ਚਿਹਰੇ, ਖੇਲ ਮੁਕੱਦਰ ਕਾ, ਧਰਮਜੀਤ, ਸੈਦਾਂ ਜੋਗਣ ਫ਼ਿਲਮਾਂ ਵੀ ਉਸ ਸਮੇਂ ਬਹੁਤ ਹਿੱਟ ਹੋਈਆਂ।ਮਸ਼ਹੂਰ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕਿਸੇ ਫ਼ਿਲਮ ਲਈ ਗਾਇਆ ਇੱਕੋ ਇੱਕ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ‘ ਦਾ ਫ਼ਿਲਮਾਂਕਣ ਵੀ 1987 ਵਿੱਚ ਆਈ ਵਰਿੰਦਰ ਦੀ ਫ਼ਿਲਮ ‘ਪਟੋਲਾ’ ਵਿੱਚ ਕੀਤਾ ਗਿਆ ਸੀ।
            ਵਰਿੰਦਰ ਨੇ ਕਈ ਹੀਰੋਇਨਾਂ ਨਾਲ ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਪ੍ਰੀਤੀ ਸਪਰੂ ਨਾਲ ਜੋੜੀ ਵਧੇਰੇ ਮਕਬੂਲ ਹੋਈ।ਪੇਂਡੂ ਜਨ-ਜੀਵਨ ਨੂੰ ਹੂ-ਬ-ਹੂ ਆਪਣੀਆਂ ਫ਼ਿਲਮਾਂ ਵਿੱਚ ਪੇਸ਼ ਕੀਤਾ।ਵਰਿੰਦਰ ਨੇ ਮਿਹਨਤ ਤੇ ਲਗਨ ਨਾਲ ‘ਸਰਪੰਚ‘ ਵਰਗੀਆਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ।ਵਰਿੰਦਰ ਦੇ ਦੇਹਾਂਤ ਮਗਰੋਂ ਪੰਜਾਬੀ ਫ਼ਿਲਮ ਜਗਤ ਵਿੱਚ ਪੰਜਾਬੀ ਫਿਲਮਾਂ ਦਾ ਦੌਰ ਜਿਵੇਂ ਖ਼ਤਮ ਹੀ ਹੋ ਗਿਆ ਜੋ ਕਿ ਹੁਣ ਵੀ ਉਸ ਦੀ ਘਾਟ ਨੂੰ ਦਰਸਾ ਰਿਹਾ ਹੈ।ਚਾਹੇ ਪਿਛੱਲੇ ਕੁੱਝ ਸਾਲਾਂ ਤੋਂ ਮੁੜ ਪੰਜਾਬੀ ਸਿਨਮਾ ਪ੍ਰਫੁੱਲਤ ਹੋਇਆ ਹੈ।ਇਸ ਦੇ ਬਾਵਜੂਦ ਵਰਿੰਦਰ ਵਲੋਂ ਪੰਜਾਬੀ ਸਿਨਮੇ ਵਿੱਚ ਪਾਈ ਪਿਰਤ ਨੂੰ ਅੱਗੇ ਤੋਰਨ ਦੀ ਲੋੜ ਹੈ।
                ਪੰਜਾਬੀ ਸਿਨੇਮਾ ਵਿਚ ਅਦਾਕਾਰਾ ਪ੍ਰੀਤੀ ਸਪਰੂ ਦਾ ਅਹਿਮ ਸਥਾਨ ਰਿਹਾ ਹੈ।ਬਲੌਰੀ ਨੈਣਾਂ ਵਾਲੀ ਪ੍ਰੀਤੀ ਸਪਰੂ ਦੱਸਦੀ ਹੈ ਕਿ ਜਦੋਂ ਵਰਿੰਦਰ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਮੈਨੂੰ ਸਰਪੰਚ ਫ਼ਿਲਮ ਵਿਚ ਮਹਿਮਾਨ ਭੂਮਿਕਾ ਨਿਭਾਉਣ ਲਈ ਕਿਹਾ, ਜੋ ਗੋਲਡਨ ਜੁਬਲੀ ਰਹੀ ਹੈ।ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ 1990 ‘ਚ ਵਰਿੰਦਰ ਦੀ ਮੌਤ ਤੋਂ ਬਾਅਦ ਫ਼ਿਲਮਾਂ ਵਿਚ ਖੜੋਤ ਆ ਗਈ।ਕਿਉਂਕਿ ਵਰਿੰਦਰ ਉਸ ਸਮੇਂ ਟੌਪ ਦਾ ਹੀਰੋ ਸੀ।
      ਕਹਿੰਦੇ ਹਨ ਕਿ ਵਰਿੰਦਰ ਇਸ ਗੱਲੋਂ ਮਰਾਠੀਆਂ ਦੀ ਸਿਫਤ ਕਰਦਾ ਸੀ ਉਹਨਾਂ ਨੂੰ ਟੈਕਸ ਪ੍ਰਤੀ ਸਰਕਾਰ ਨੂੰ ਕੋਈ ਅਰਜ਼ੀ ਨਹੀਂ ਸਿਰਫ ਕਹਿਣ ਦੀ ਹੀ ਲੋੜ੍ਹ ਹੁੰਦੀ ਸੀ ਕਿ ਅਸੀਂ ਫਿਲਮ ਬਣਾ ਰਹੇ ਹਾਂ।ਉਹ ਝੱਟ 25% ਮਾਫ ਕਰ ਦਿੰਦੇ ਹਨ।ਇਥੇ ਪੰਜਾਬ ਵਿੱਚ ਜੇ ਅਸੀਂ ਟੈਕਸ ਮਾਫ ਕਰਵਾਉਣਾ ਹੁੰਦਾ ਹੈ ਤਾਂ ਚੰਡੀਗ੍ਹੜ ਦੇ ਗੇੜੇ ਮਾਰਦੇ ਥੱਕ ਜਾਈਦਾ ਸੀ।ਇਸ ਲਈ ਮਰਾਠੀ ਸਰਕਾਰ ਅੱਗੇ ਸਾਡਾ ਸਿਰ ਸਤਿਕਾਰ ਨਾਲ ਝੁੱਕਦਾ ਹੈ ਤੇ ਪੰਜਾਬੀ ਸਰਕਾਰ ਅੱਗੇ ਸ਼ਰਮ ਨਾਲ!

Mangat Garg

 

 

 

ਮੰਗਤ ਗਰਗ
ਮੋ – 98223 98202

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply