“ਗਿੱਧੇ ਦੀ ਧਮਾਲ ਅਤੇ ਅੰਬਰੀ ਪੀਘਾਂ ਪੈਣ ਨਾਲ ਹੋਇਆ ਮੇਲੇ ਦਾ ਆਗਾਜ”
ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਨਜਦੀਕੀ ਪਿੰਡ ਸਮਾਉਂ ਵਿਖੇ ਬਾਬਾ ਸ਼੍ਰੀ ਚੰਦ ਜੀ ਕਲਚਰਲ ਐਂਡ ਸੋਸ਼ਲ ਵੈਲਫੇਅਰ ਟਰੱਸਟ ਅਤੇ ਫੋਕ ਜੰਕਸ਼ਨ ਪਟਿਆਲਾ ਦੁਆਰਾ ਰਵਾਇਤੀ ਤੀਆਂ ਦਾ ਮੇਲਾ ਹਰ ਸਾਲ ਦੀ ਤਰਾਂ ਕਰਵਾਇਆ ਗਿਆ।ਜਿਸ ਦਾ ਆਗਾਜ਼ ਕਰਨ ਆਏ ਵਿਰਸੇ ਦਾ ਵਾਰਿਸ ਅਤੇ ਫਿਲਮੀ ਅਦਾਕਾਰ ਡਾ. ਪ੍ਰਭਸ਼ਰਨ ਕੌਰ ਸਿੱਧੁ ਨੇ ਆਖਿਆ ਕਿ ਪਿੰਡ ਸਮਾਉਂ ਦੀਆਂ ਤੀਆਂ ਵਿਸ਼ਵ ਪੱਧਰ `ਤੇ ਨਾਮਨਾ ਖੱਟ ਚੁੱਕੀਆਂ ਹਨ। ਉਨਾਂ ਵੱਡੀ ਗਿਣਤੀ ਵਿੱਚ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਰਵਾਇਤੀ ਤੀਆਂ ਦੇ ਮੇਲੇ ਕਰਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ।ਜਿਸ ਨਾਲ ਸਾਡੀ ਅਜੌਕੀ ਨੌਜਵਾਨ ਪੀੜੀ ਆਪਣੇ ਪੰਜਾਬੀ ਸੱਭਿਆਚਾਰ ਨੂੰ ਅਪਣਾ ਕੇ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਰਹੀ ਹੈ। ਡਾ. ਸਿੱਧੁ ਨੇ ਖੁਸ਼ ਹੁੰਦਿਆਂ ਕਿਹਾ ਕਿ ਅੱਜ ਦਾ ਠਾਠਾਂ ਮਾਰਦਾ ਇਕੱਠ ਇਹ ਦੱਸ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਅਜੇ ਵੀ ਪੰਜਾਬੀ ਸੱਭਿਆਚਾਰ ਜਿਊਂਦਾ ਹੈ।ਇਸ ਤੋਂ ਇਲਾਵਾ ਹਾਕੀ ਦੀ ਅਰਜੁਨਾ ਅਵਾਰਡੀ ਡਾ. ਰੂਪਾ ਸ਼ੈਲੀ, ਭੰਗੜੇ ਦੇ ਬਾਬਾ ਬੋਹੜ ਜਸਵੀਰ ਸਿੰਘ ਪੰਨੂ, ਸੰਗੀਤਕਾਰ ਪਾਲ ਸਿੱਧੂ (ਮਿਊਜਿਕ ਐਮਪਾਇਰ), ਲੋਕ ਗਾਇਕਾ ਸ਼੍ਰੀਮਤੀ ਸਰਬਜੀਤ ਕੌਰ ਪੰਨੂ, ਮਸ਼ਹੂਰ ਡਰੈਸ ਡਿਜਾਇਨਰ ਰੂਪਨ ਗਰੇਵਾਲ, ਪੰਜਾਬ ਦੀ ਬੁਲੰਦ ਆਵਾਜ ਹਰਿੰਦਰ ਹੁੰਦਲ, ਲੋਕ ਗਾਇਕਾ ਸਰਬਜੀਤ ਕੌਰ ਰੋਪੜ, ਫਿਲਮੀ ਅਦਾਕਾਰ ਰਾਜ ਧਾਲੀਵਾਲ, ਬੁਲੰਦ ਆਵਾਜ ਦੀ ਮਾਲਿਕ ਬਲਜੀਤ ਕੌਰ, ਪ੍ਰਿੰਸੀਪਲ ਜਸਪਾਲ ਸਿੰਘ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਜਿਥੇ ਮੇਲੇ ਨੂੰ ਰੰਗਲੇ ਸਰਦਾਰਾਂ ਵਲੋਂ ਲੋਕ ਸਾਜਾਂ ਦੀਆਂ ਧੁਨਾਂ ਦੁਆਰਾ ਮੇਲੇ ਨੂੰ ਰੰਗੀਨ ਬਣਾਈ ਰੱਖਿਆ ਉਸ ਦੇ ਨਾਲ ਹੀ ਲੋਕ ਗਾਇਕ ਅਮਨ ਧਾਲੀਵਾਲ, ਜਿੰਦੂ ਸਲੇਮਪੁਰੀਆ, ਜੱਸਾ ਜੋਗੀ ਜਿਹੇ ਪ੍ਰਸਿੱਧ ਗਾਇਕਾਂ ਨੇ ਆਪਣੀਆਂ ਆਵਾਜਾਂ ਨਾਲ ਦਰਸ਼ਕਾਂ ਨੂੰ ਕੀਲਿਆ ਤੇ ਮੇਲੇ ਨੂੰ ਚਾਰ ਚੰਨ ਲਾਏ। ਪੰਜਾਬੀ ਸੱਭਿਆਚਾਰ ਵਿੱਚ ਵੱਡੇ ਪੱਧਰ ਤੇ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ।ਮੇਲਾ ਉਸ ਸਮੇਂ ਜੋਬਨ ਤੇ ਪੁੱਜਾ ਜਦੋਂ ਪੰਜਾਬੀ ਮੁਟਿਆਰਾਂ ਨੇ ਗਿੱਧੇ ਦੀ ਧਮਾਲ ਪਾਈ ਅਤੇ ਅੰਬਰੀ ਪੀਘਾਂ ਪਾਈਆਂ।ਮੇਲੇ ਵਿੱਚ ਜਿੱਥੇ ਕੁੜੀਆਂ ਦੇ ਚਿਹਰੇ `ਤੇ ਰੌਣਕ ਦੇਖੀ ਗਈ ਉੱਥੇ ਹੀ ਕੁੜੀਆ ਦੀਆਂ ਅੱਖਾਂ ਨਮ ਵੀ ਹੁੰਦੀਆਂ ਨਜਰ ਆਈਆਂ।ਪੰਚ ਸੰਚਾਲਨ ਮਨਦੀਪ ਕੌਰ ਝੱਬਰ ਨੇ ਬਾਖੁਬੀ ਕੀਤਾ।ਅੰਤ ਵਿੱਚ ਟਰੱਸਟ ਦੇ ਚੇਅਰਮੈਨ ਪਾਲ ਸਿੰਘ ਸਮਾਓਂ ਨੇ ਮੇਲੇ ਵਿੱਚ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਧੰਨਾਂ ਸਿੰਘ ਸਮਾਓਂ, ਮਲਕੀਤ ਸਿੰਘ ਸਮਾਓਂ, ਗੁਰਵੀਰ ਸਿੰਘ ਜੱਸੀ, ਬੱਬੂ ਸਿੰਘ ਬਲਾਕ ਸੰਮਤੀ ਮੈਂਬਰ, ਜਗਮੇਲ ਸਿੰਘ, ਗੋਗੀ ਈਲਵਾਲ, ਗੁਰਚੇਤ ਈਲਵਾਲ, ਗੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਸੁਖਜੀਤ ਸਿੰਘ ਸਮਾਓਂ, ਗੇਜਾ ਸਿੰਘ ਸਮਾਓਂ, ਮਨਦੀਪ ਸਿੰਗ ਅਤੇ ਗੁਰਦੀਪ ਸਿੰਘ ਭੀਖੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …