ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਸਬੰਧੀ ਪ੍ਰੋਗਰਾਮਾਂ ਦੌਰਾਨ ਪੰਜਾਬ ਦੇ ਪਾਣੀਆਂ ਦੇ ਸੰਕਟ ਤੇ ਚਿੰਤਨ ਮੰਥਣ ਕਰਨ ਲਈ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਦੇ ਮਸ਼ਹੂਰ ਵਾਤਾਵਰਨ ਪ੍ਰੇਮੀ ਅਤੇ ਪਾਣੀ ਸੰਭਾਲ ਮੁਹਿੰਮ ਦੇ ਵਿਚਾਰਕਾਂ ਨੇ ਭਾਗ ਲਿਆ।
ਉਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਸਤਨਾਮ ਸਿੰਘ ਮਾਣਕ ਐਡੀਸ਼ਨਲ ਚੀਫ ਐਡੀਟਰ ਰੋਜ਼ਾਨਾ ਅਜੀਤ ਜਲੰਧਰ ਦੇ ਸਨਮਾਨਿਤ ਮਹਿਮਾਨ ਸਨ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਸਮੂੰਹ ਆਏ ਮਾਹਿਮਾਨਾਂ ਦਾ ਸੁਆਗਤ ਕਰਦੇ ਹੋਏ ਅਜੋਕੇ ਸਮੇਂ ਵਿਚ ਪਾਣੀ ਦੇ ਵੱਧ ਰਹੇ ਸੰਕਟ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਪਾਣੀ ਦੀ ਵੱਧ ਰਹੀ ਘਾਟ ਤੋਂ ਆਉਣ ਵਾਲੇ ਖਤਰਿਆਂ ਤੋਂ ਸਭ ਨੂੰ ਜਾਣੂ ਕਰਵਾਇਆ।ਉਹਨਾਂ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਜਿਥੇ ਕਿਸੇ ਵੇਲੇ ਪਾਣੀ ਦੀ ਘਾਟ ਨਹੀਂ ਸੀ ਹੁੰਦੀ ਅੱਜ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵਲੋਂ ਆਪਣੀਆਂ ਫੈਕਟਰੀਆਂ ਦਾ ਗੰਦਾ ਪਾਣੀ ਨਦੀ ਨਾਲੀਆਂ ਵਿਚ ਬਹਾਇਆ ਜਾ ਰਿਹਾ ਹੈ।ਜਿਸ ਨਾਲ ਸਾਰਾ ਪਾਣੀ ਹੀ ਜ਼ਹਿਰ ਬਣਦਾ ਜਾ ਰਿਹਾ ਹੈ ਅਤੇ ਭਾਂਤ-ਭਾਂਤ ਦੀਆਂ ਭਿਆਨਕ ਬੀਮਾਰੀਆਂ ਜਿਵੇਂ ਕਿ ਕੈਂਸਰ ਆਦਿ ਨਾਲ ਲੋਕ ਗ੍ਰਸਤ ਹੋ ਰਹੇ ਹਨ।
ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਅਜੋਕੀ ਖੇਤੀ ਜੋ ਕਿ ਝੋਨੇ ਅਤੇ ਕਣਕ ਦਾ ਗੇੜ ਬਣ ਗਿਆ ਹੈ।ਇਸ ਨਾਲ ਪਾਣੀ ਦੀ ਜਿਆਦਾ ਲੋੜ ਹੋਣ ਕਰਕੇ ਟਿਊਬਵੈਲਾਂ ਰਾਹੀਂ ਲਗਾਤਾਰ ਪਾਣੀ ਜ਼ਮੀਨ ਤੋਂ ਕੱਢਿਆ ਜਾ ਰਿਹਾ ਹੈ।ਇਸ ਨਾਲ ਪਾਣੀ ਦਾ ਪੱਧਰ ਜਿਹੜਾ ਕਿ ਦੱਸ ਪੰਦਰਾਂ ਸਾਲ ਪਹਿਲਾਂ ਦੱਸ ਤੋਂ ਪੰਦਰਾਂ ਫੁੱਟ ਹੁੰਦਾ ਸੀ, ਉਹ ਅੱਜ ਅੱਸੀ ਤੋਂ ਸੌ ਫੁੱਟ ਤੇ ਚਲਾ ਗਿਆ ਹੈ।ਉਹ ਦਿਨ ਦੂਰ ਨਹੀਂ ਜਦੋਂ ਹਰਿਆ ਭਰਿਆ ਪੰਜਾਬ ਮਾਰੂਥਲ ਦਾ ਰੂਪ ਲੈ ਲਵੇਗਾ। ਸਮੇਂ ਦੀ ਜ਼ਰੂਰਤ ਹੈ ਕਿ ਹਰ ਪੱਧਰ `ਤੇ ਪਾਣੀ ਦੀ ਸੰਭਾਲ ਕੀਤੀ ਜਾਵੇ ਅਤੇ ਪਾਣੀ ਨੂੰ ਗੰਦਾ ਹੋਣ ਤੋਂ ਬਚਾਇਆ ਜਾਵੇ।ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ।
ਇਹਨਾਂ ਤੋਂ ਇਲਾਵਾ ਡਾ. ਅਮਰ ਸਿੰਘ ਅਜ਼ਾਦ, ਗਿਆਨੀ ਕੇਵਲ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਸਰਬਜੀਤ ਸਿੰਘ ਛੀਨਾ, ਗੁਰਚਰਨ ਸਿੰਘ ਨੂਰਪੁਰ, ਡਾ. ਅਮਰਜੀਤ ਸਿੰਘ ਮਾਨ, ਵਿਜੇ ਬੰਬੇਲੀ, ਡਾ. ਹਰਦਿਆਲ ਸਿੰਘ ਘਰਿਆਲਾ, ਅਮਰਜੀਤ ਸਿੰਘ ਖਡੂਰ ਸਾਹਿਬ ਆਦਿ ਨੇ ਪਾਣੀ ਦੀ ਸੰਭਾਲ `ਤੇ ਜ਼ੋਰ ਦਿੱਤਾ।
ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਰਾਜਬੀਰ ਸਿੰਘ ਮੈਂਬਰ, ਰਮਨੀਕ ਸਿੰਘ ਮੈਂਬਰ, ਹਰਜੀਤ ਸਿੰਘ ਪ੍ਰਸ਼ਾਸਕ ਸੰਗਰੂਰ ਬ੍ਰਾਂਚ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਡਾ. ਕਰਨਜੀਤ ਸਿੰਘ, ਡਾ. ਵਰਿੰਦਰਪਾਲ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੈ ਸਿੰਘ, ਤਿਲਕ ਰਾਜ ਅਤੇ ਕਈ ਹੋਰ ਪਤਵੰਤੇ ਸ਼ਾਮਲ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …