Thursday, February 26, 2026

ਮਾਪੇ (ਲਘੂ ਕਹਾਣੀ)

             ਨਿਮਾਣੇ ਦਾ ਸਾਥੀ ਸੱਥ ਵਿੱਚ ਬੈਠਾ ਭਰੇ ਮਨ ਨਾਲ ਬੋਲੀ ਜਾ ਰਿਹਾ ਸੀ।ਇਹ ਕਹਿੰਦਿਆਂ ਕਿ ਮੇਰਾ ਮਾਂ ਪਿਓ ਬਹੁਤ ਚੇਤੇ ਆਉਂਦਾ, ਉਸ ਦਾ ਗਚ ਭਰ ਆਇਆ।ਉਹ ਲਗਾਤਾਰ ਉਖੜੀ ਜਿਹੀ ਆਵਾਜ਼ ਨਾਲ ਬੋਲਦਾ, ਆਪਣੇ ਮਾਪਿਆਂ-ਸਹੂਲਤਾਂ ਕਰਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਪੇ ਅੱਜ ਵੀ ਅੱਖਾਂ ਸਾਹਮਣੇ ਘੁੰਮਦੇ ਉਸ ਦੀ ਸੁੱਖ ਸਾਂਦ ਪੁੱਛਦੇ ਰਹਿੰਦੇ ਹਨ।
             ਜਦ ਉਹ ਆਪਣੇ ਬੱਚਿਆਂ ਦੀਆਂ ਗੱਲਾਂ ਕਰਦਾ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ।ਉਹ ਕਹਿੰਦਾ ਮੈਂ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਪੜ੍ਹਾਇਆ ਲਖਾਇਆ ਚੰਗੀਆਂ ਨੌਕਰੀਆਂ ਕਰਦੇ ਸਭ ਸੁੱਖ ਸਹੂਲਤਾਂ ਮਾਣਦੇ, ਪਰ ਸਾਡੇ ਨਾਲ ਵਰਤਾਓ ਇਸ ਤਰ੍ਹਾਂ ਕਰਦੇ ਜਿਵੇਂ ਅਸੀਂ ਇਨ੍ਹਾਂ ਦੇ ਦੁਸ਼ਮਣ ਹੋਈਏ।ਸਾਰਾ ਦਿਨ ਘਰੋਂ ਬਾਹਰ ਗੁਜ਼ਾਰਨਾ ਪੈਂਦਾ।ਉਹ ਬੋਹੜ `ਤੇ ਪਏ ਆਹਲਣਿਆਂ ਵਿੱਚ ਆਪਣੇ ਬੱਚਿਆਂ ਨਾਲ ਅਰਾਮ ਕਰ ਰਹੇ ਪੰਛੀਆਂ ਵੱਲ ਵੇਖਦਾ।ਬੋਹੜ ਦੀ ਇੱਕ ਜੜ੍ਹ ਨਾਲ ਬੱਝੇ ਚਾਰ ਪੰਜ ਡੰਗਰਾਂ ਵੱਲ ਤੱਕਦਾ, ਜਿਹੜੇ ਇੱਕ ਦੂਸਰੇ ਉਪਰ ਸਿਰ ਰੱਖੀ ਬੜੇ ਸਕੂਨ ਨਾਲ ਲੇਟੇ ਪਏ ਸੀ।ਫਿਰ ਉਹ ਮੈਲੈ ਕੁਚੈਲੈ ਕੱਪੜੇ ਪਾਈ ਬੋਹੜ ਦੇ ਥੜ੍ਹੇ ਨਾਲ ਢੋਹ ਲਗਾ ਕੇ ਬੈਠੇ ਆਪਣੇ ਹਮ ਉਮਰਾਂ ਵੱਲ ਵੇਖਦਾ।ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾਚ ਜਾਂਦਾ।ਅਤੀਤ ਵਿੱਚ ਗੁਆਚਿਆ ਉਹ ਗੱਲਾਂ ਕਰਦਾ ਕਰਦਾ ਸੱਥ ਵਿੱਚ ਹੀ ਨਮ ਹੋਈਆਂ ਅੱਖਾਂ ਨਾਲ ਬੋਹੜ ਦੀ ਛਾਂਵੇਂ ਆਪ ਮੁਹਾਰੇ ਨੀਂਦ ਦੀ ਬੁੱਕਲ ਵਿੱਚ ਚਲੇ ਗਿਆ।ਨਿਮਾਣੇ ਨੇ ਉਸ ਦੇ ਸਿਰ ਥੱਲੇ ਇੱਟ ਦਾ ਸਿਰਹਾਣਾ ਬਣਾ ਦਿੱਤਾ।ਨਿਮਾਣੇ ਤੇ ਉਸ ਦੇ ਸਾਥੀਆਂ ਨੂੰ ਉਸ ਦੀ ਕਹਾਣੀ ਆਪਣੇ ਨਾਲ ਮਿਲਦੀ ਜੁਲਦੀ ਲੱਗੀ।ਸਾਰਿਆਂ ਦੇ ਚਿਹਰਿਆਂ `ਤੇ ਝੂਠੀ ਜਿਹੀ ਮੁਸਕਰਾਹਟ ਤੇ ਉਦਾਸੀ ਸੀ।ਉਹ ਨਿਮਾਣੇ ਦੇ ਸਾਥੀ ਨੂੰ ਇਸ ਤਰ੍ਹਾਂ ਵੇਖ ਰਹੇ ਸਨ, ਜਿਵੇਂ ਉਹ ਉਨ੍ਹਾਂ ਦੀ ਕਹਾਣੀ ਬਿਆਨ ਕਰ ਗਿਆ ਹੋਵੇ ।
SUkhbir Khurmanian

ਸੁਖਬੀਰ ਸਿੰਘ ਖੁਰਮਣੀਆਂ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ
ਅੰਮ੍ਰਿਤਸਰ।
ਮੋ – 98555 12677

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply