Thursday, June 11, 2026

ਖਾਲਸਾ ਕਾਲਜ ਵਿਖੇ ‘ਉਤਰਬਸਤੀਵਾਦੀ ਪੰਜਾਬ ’ਚ ਸ਼ੈਕਸਪੀਅਰ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਵਲੋਂ ‘ਉਤਰਬਸਤੀਵਾਦੀ PUNJ0409201904ਪੰਜਾਬ ’ਚ ਸ਼ੈਕਸਪੀਅਰ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਨਾਰਦ ਈਸਟਰਨ ਯੂਨੀਵਰਸਿਟੀ ਬੌਸਟਨ ਯੂ.ਐਸ.ਏ ਦੇ ਅੰਗਰੇਜ਼ੀ ਵਿਭਾਗ ਦੀ ਰਿਸਰਚ ਸਕਾਲਰ ਵਿਜੇਤਾ ਸੈਣੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਸਾਹਿਤ ’ਚ ਸਥਾਨਕ ਸੱਭਿਆਚਾਰਕ ਵਿਲੱਖਣਤਾ ਨੂੰ ਪਛਾਨਣਾ ਬਹੁਤ ਜਰੂਰੀ ਹੈ।
    ਉਨ੍ਹਾਂ ਨੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸਾਹਿਤ ’ਚ ਸ਼ੈਕਸਪੀਅਰ ਦੇ ਨਾਟਕਾਂ ਦੇ ਮਹੱਤਵ ਨੂੰ ਉਜਾਗਰ ਕਰਨ ਦਾ ਯਤਨ ਕੀਤਾ।ਉਨ੍ਹਾਂ ਨੇ ਵਿਸ਼ਵ ਸਾਹਿਤ ਦੇ ਸਰੋਕਾਰਾਂ ਨੂੰ ਸਥਾਨਕ ਸੱਭਿਆਚਾਰਕ ਸਰੋਕਾਰਾਂ ਦੇ ਪ੍ਰਸੰਗ ’ਚ ਵੇਖਣ ਲਈ ਅੰਤਰ-ਸੱਭਿਆਚਾਰਕ ਪ੍ਰਸੰਗ ’ਚ ‘ਮਰਚੈਂਟ ਆਫ਼ ਵੈਨਿਸ’ ਦੀਆਂ ਵਿਭਿੰਨ ਪੇਸ਼ਕਾਰੀਆਂ ਦਾ ਮੰਚ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਜੇਤਾ ਵੱਲੋਂ ‘ਮਰਚੈਂਟ ਆਫ਼ ਵੈਨਿਸ’ ਦੇ ਖੁਦ ਤਿਆਰ ਕਰਵਾਏ ਪੰਜਾਬੀ ਰੂਪਾਂਤਰਣ ਦਾ ਫ਼ਿਲਮਾਂਕਣ ਕੀਤਾ ਗਿਆ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਪ੍ਰਵਕਤਾ ਦਾ ਸਵਾਗਤ ਕਰਦਿਆਂ ਕਿਹਾ ਸ਼ਾਹਕਾਰ ਸਾਹਿਤ ਸਮੇਂ ਅਤੇ ਸਥਾਨ ਤੋਂ ਪਾਰ ਫ਼ੈਲ ਕੇ ਹਰ ਯੁੱਗ ’ਚ ਹਰ ਵਿਅਕਤੀ ਨਾਲ ਸੰਵਾਦ ਰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਾਹਿਤ ਦਾ ਮੁਲਾਂਕਣ ਸਥਾਨਕ ਪ੍ਰਸੰਗ ’ਚ ਹੋਣਾ ਚਾਹੀਦਾ ਹੈ ਅਤੇ ਅੱਜ ਦਾ ਲੈਕਚਰ ਇਸ ਦਿਸ਼ਾ ’ਚ ਇਕ ਸ਼ਲਾਘਾਯੋਗ ਕਦਮ ਹੈ।
    ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਸਥਾਨਕ ਸਾਹਿਤ ਦੇ ਵਿਦਿਆਰਥੀਆਂ ਨੂੰ ਵਿਸ਼ਵ ਸਾਹਿਤ ਨਾਲ ਸੰਵਾਦ ਰਚਾਉਣ ਦੀ ਜਰੂਰਤ ਹੈ ਅਤੇ ਖਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਿਰ ਅਜਿਹੇ ਅਵਸਰ ਪ੍ਰਦਾਨ ਕਰਦਾ ਹੈ ਜਿਸ ਨਾਲ ਸਾਹਿਤ ਦੇ ਲੁਕਵੇਂ ਅਰਥਾਂ ਨੂੰ ਨਵੇਂ ਢੰਗ ਨਾਲ ਲੱਭਿਆ ਜਾ ਸਕੇ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਵਿਜੇ ਬਰਨਾਡ ਨੇ ਮੁੱਖ ਪ੍ਰਵਕਤਾ ਅਤੇ ਵਿਦਿਆਰਥੀਆਂ ਨਾਲ ਸ਼ੈਕਸਪੀਅਰ ਦੇ ਨਾਟਕਾਂ ਬਾਰੇ ਭਰਪੂਰ ਸੰਵਾਦ ਰਚਾਇਆ।ਵਿਦਿਆਰਥੀਆਂ ਨੇ ਮੁੱਖ ਪ੍ਰਵਕਤਾ ਨਾਲ ਨਾਟਕ ‘ਮਰਚੈਂਟ ਆਫ਼ ਵੈਨਿਸ’ ਦੇ ਫਿਲਮਾਂਕਣ ਅਤੇ ਥੀਮਕ ਪਾਸਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
    ਡਾ. ਭੁਪਿੰਦਰ ਸਿੰਘ, ਪ੍ਰੋ. ਮਲਕਿੰਦਰ ਸਿੰਘ, ਡਾ. ਸੁਖਬੀਰ ਸਿੰਘ, ਪ੍ਰੋ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ ਤੋਂ ਇਲਾਵਾ ਅੰਗਰੇਜ਼ੀ, ਪੰਜਾਬੀ, ਰਾਜਨੀਤੀ ਸ਼ਾਸਤਰ, ਸ਼ੌਸ਼ਲ ਸਾਇੰਸ ਤੇ ਸਮਾਜ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਵਿਚਾਰ-ਚਰਚਾ ’ਚ ਭਾਗ ਲਿਆ।ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ.ਪਰਮਿੰਦਰ ਸਿੰਘ ਨੇ ਨਿਭਾਈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply