ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ)- ਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਹੈਲਪ ਲਾਈਨ 1073 ਸ਼ੁਰੂ ਕੀਤੀ ਹੈ। ਅੱਜ ਪੁਲਿਸ ਲਾਈਨ ਵਿਖੇ ਟਰੈਫਿਕ ਹੈਲਪ ਲਾਈਨ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਵਿਕਰਮਪਾਲ ਸਿੰਘ ਭੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਵੱਲੋਂ ਟਰੈਫਿਕ ਸਮੱਸਿਆ ਹੱਲ ਕਰਨ ਲਈ ਸ਼ਹਿਰ ਨੂੰ ਚਾਰ ਜੋਨਾਂ ‘ਚ ਵੰਡ ਕੇ 300 ਪੁਲਿਸ ਕਰਮਚਾਰੀ ਲਗਾਏ ਹਨ ਅਤੇ ਹਰੇਕ ਜੋਨ ਦਾ ਇੰਚਾਰਜ ਇੰਸਪੈਕਟਰ ਪੱਧਰ ਦੇ ਅਧਿਕਾਰੀ ਨੂੰ ਲਗਾਇਆ ਗਿਆ ਹੈ।ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਵਿਕਰਮਪਾਲ ਸਿੰਘ ਭੱਟੀ ਨੇ ਦੱਸਿਆ ਕਿ ਸ਼ਹਿਰ ‘ਚ ਜੇਕਰ ਕਿਤੇ ਜਾਮ ਲੱਗਦਾ ਹੈ ਜਾਂ ਕੋਈ ਸੜਕ ਦੁਰਘਟਨਾ ਹੋ ਜਾਂਦੀ ਹੈ ਤਾਂ ਲੋਕ ਮੌਕੇ ‘ਤੇ ਹੀ ਟੋਲ ਫਰੀ ਨੰਬਰ 1073 ‘ਤੇ ਪੁਲਿਸ ਨੂੰ ਸੂਚਿਤ ਕਰ ਸਕਦੇ ਹਨ ਅਤੇ ਉਸੇ ਸਮੇਂ ਟਰੈਫਿਕ ਪੁਲਿਸ ਦੀ ਪਾਰਟੀ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰੇਗੀ। ਉਨਾਂ ਦੱਸਿਆ ਕਿ ਲੋਕ ਟਰੈਫਿਕ ਹੈਲਪ ਲਾਈਨ ਤੋਂ ਟਰੈਫਿਕ ਸਬੰਧੀ ਜਾਣਕਾਰੀ ਜਿਵੇਂ ਕਿ ਕਿਸ ਸੜਕ ‘ਤੇ ਜਲੂਸ ਨਿਕਲ ਰਹੇ ਹਨ ਜਾਂ ਵੀ.ਵੀ.ਆਈ.ਪੀ. ਰੂਟ ਲੱਗਣ ‘ਤੇ ਟਰੈਫਿਕ ਕਿਸ ਰਸਤੇ ‘ਤੇ ਬਦਲੀ ਗਈ ਹੈ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ।ਡੀ.ਸੀ.ਪੀ. ਸ੍ਰੀ ਭੱਟੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ‘ਚ ਟਰੈਫਿਕ ਪੁਲਿਸ ਦੇ ਜਵਾਨਾਂ ਨੂੰ ਆਧੁਨਿਕ ਉਪਕਰਨ ਜਿਨਾਂ ‘ਚ ਐਲਕੋਮੀਟਰ, ਸਪੀਡ ਰਡਾਰ ਤੇ ਗੱਡੀਆਂ ਰੋਕਣ ਲਈ ਬੰਪਸ ਆਦਿ ਵੀ ਮੁਹੱਈਆ ਕਰਾਏ ਗਏ ਹਨ।ਉਨਾਂ ਦੱਸਿਆ ਕਿ ਹੁਣ ਸ਼ਰਾਬ ਪੀ ਕੇ ਡਰਾਇਵਿੰਗ ਕਰਨ ਵਾਲੇ ਚਾਲਕਾਂ ਦੀ ਜਾਂਚ ਐਲਕੋਮੀਟਰ ਨਾਲ ਕੀਤੀ ਜਾਵੇਗੀ ਅਤੇ ਨਿਰਧਾਰਤ ਗਤੀ ਤੋਂ ਜਿਆਦਾ ਰਫਤਾਰ ਨਾਲ ਚੱਲਣ ਵਾਲੀ ਗੱਡੀ ਦਾ ਪਤਾ ਸਪੀਡ ਰਡਾਰ ਨਾਲ ਲਗਾਇਆ ਜਾਵੇਗਾ ਤਾਂ ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ।ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਵਿਕਰਮਪਾਲ ਸਿੰਘ ਭੱਟੀ ਨੇ ਦੱਸਿਆ ਕਿ ਜੋਨਾਂ ‘ਚ ਲਗਾਏ ਗਏ 10 ਐਨ.ਜੀ.ਓ. ਰੈਂਕ ਦੇ ਅਧਿਕਾਰੀਆਂ ਨੂੰ ਫਰੀਦਾਬਾਦ ਦੀ ਰੋਡ ਟਰੈਫਿਕ ਸੰਸਥਾ ਤੋਂ ਸਿਖਲਾਈ ਦਿਵਾਈ ਗਈ ਹੈ ਜਿਸ ਵਿੱਚ ਸੜਕ ਦੁਰਘਟਨਾ ਦੀ ਜਾਂਚ ਅਤੇ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜੋਨਾਂ ‘ਚ ਤਾਇਨਾਤ ਹੋਰ ਐਨ.ਜੀ.ਓ. ਰੈਂਕ ਦੇ ਅਧਿਕਾਰੀਆਂ ਨੂੰ ਹਰ ਮਹੀਨੇ ਬੈਚ ਵਾਈਜ ਫਰੀਦਾਬਾਦ ਤੋਂ ਇਹ ਟਰੈਨਿੰਗ ਦਿਵਾਈ ਜਾਵੇਗੀ ਤਾਂ ਜੋ ਉਹ ਵੀ ਆਵਾਜਾਈ ਨਿਯਮਾਂ ਨੂੰ ਚੰਗੀ ਤਰਾਂ ਜਾਣ ਸਕਣ। ਸ੍ਰੀ ਭੱਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਾਥ ਦੇਣ ਤਾਂ ਜੋ ਸ਼ਹਿਰ ਵਿੱਚ ਆਵਾਜਾਈ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …