550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਣ ਸੰਭਾਲ ਮੁਹਿੰਮ ’ਚ ਯੋਗਦਾਨ ਪਾਉਣ ਕਿਸਾਨ – ਡਾ. ਧਾਲੀਵਾਲ
ਲੌਂਗੋਵਾਲ, 22 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਾਤਾਵਰਨ ਪੱਖੀ ਨਿਬੇੜਾ ਕਰ ਕੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਪੂਰੀ ਤਰਾਂ ਖਤਮ ਕਰਨ ਲਈ ਯੂ.ਐਨ-ਪੀ.ਏ.ਯੂ ਪ੍ਰਾਜੈਕਟ ਤਹਿਤ ਚੁਣੇ ਜ਼ਿਲਾ ਸੰਗਰੂਰ ਦੇ ਤਿੰਨ ਪਿੰਡਾਂ ਦਾ ਕੌਮਾਂਤਰੀ ਟੀਮ ਵਲੋਂ ਦੌਰਾ ਕੀਤਾ ਗਿਆ ਤੇ ਪਰਾਲੀ ਦੇ ਢੁਕਵੇਂ ਪ੍ਰਬੰਧਨ ਲਈ ਅਪਣਾਈ ਜਾ ਰਹੀ ਤਕਨੀਕ ਦਾ ਜਾਇਜ਼ਾ ਲਿਆ ਗਿਆ।ਇਹ ਤਿੰਨ ਪਿੰਡ ਪਾਮੇਤੀ-ਯੂ.ਐਨ.ਈ.ਪੀ ਪ੍ਰਾਜੈਕਟ ਤਹਿਤ ਅਪਣਾਏ ਗਏ ਹਨ।
ਇਸ ਕੌਮਾਂਤਰੀ ਟੀਮ ਵਿਚ ਸੰਯੁਕਤ ਰਾਸ਼ਟਰ ਤੋਂ ਉਚ ਅਧਿਕਾਰੀ ਡਾ. ਅਮੀਰ ਕਾਸਮ (ਪ੍ਰੋਫੈਸਰ ਲੰਡਨ ਯੂਨੀਵਰਸਿਟੀ ਤੇ ਫੂਡ ਅਤੇ ਐਗਰੀਕਲਚਰ ਸੰਸਥਾ ਦੇ ਸਲਾਹਕਾਰ), ਡਾ. ਜੈਸਿਕਾ ਮਕੈਰਟੀ (ਪ੍ਰੋਫੈਸਰ, ਮਿਆਮੀ ਯੂਨੀਵਰਸਟਿੀ ਯੂ.ਐਸ.ਏ) ਤੇ ਜਪਾਨ ਤੋ ਵਿਗਿਆਨੀ ਡਾ. ਯੂਜੀ ਨੀਨੋ ਸ਼ਾਮਲ ਸਨ, ਜਿਨਾਂ ਨੇ ਪਿੰਡ ਉਪਲੀ, ਕਨੋਈ ਤੇ ਤੁੰਗਾਂ ਦਾ ਦੌਰਾ ਕੀਤਾ ਅਤੇ ਸੁਪਰ ਐਸ.ਐਮ.ਐਸ ਵਾਲੀ ਕੰਬਾਈਨ, ਪੀ.ਏ.ਯੂ ਪਰਾਲੀ ਕਟਰ ਤੇ ਹੈਪੀ ਸੀਡਰ ਆਦਿ ਦੀ ਵਰਤੋਂ ਹੁੰਦੀ ਦੇਖੀ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਹ ਮਸ਼ੀਨਰੀ ਅਪਣਾਉਣ ਦਾ ਸੱਦਾ ਦਿੱਤਾ।
ਡਾਇਰੈਕਟਰ ਪਾਮੇਤੀ ਪੀ.ਏ.ਯੂ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਦੇ ਇਨਾਂ ਤਿੰਨ ਪਿੰਡਾਂ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਮੁਫਤ ਮੁਹੱਈਆ ਕਰਵਾਈ ਗਈ ਹੈ, ਜਿਸ ਦੇ ਪਿਛਲੇ ਸਾਲ ਵੀ ਸਾਰਥਕ ਨਤੀਜੇ ਸਾਹਮਣੇ ਆਏ ਸਨ। ਉੁਨਾਂ ਦੱਸਿਆ ਕਿ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਰਕਾਰ ਵੱਲੋਂ ਵਾਤਾਵਰਨ ਪੱਖੀ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਸੰਭਾਲ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਪਰਾਲੀ ਦੀ ਸੁਚੱਜੀ ਸੰਭਾਲ ਲਈ ਮੁਹੱਈਆ ਕਰਵਾਈ ਜਾਂਦੀ ਮਸ਼ੀਨਰੀ ਦਾ ਭਰਪੂਰ ਲਾਹਾ ਲੈਣ।
ਮੁੱਖ ਖੇਤੀਬਾੜੀ ਅਫਸਰ ਸੰਗਰੂਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਵਿਭਾਗੀ ਉਪਰਾਲਿਆਂ ਬਾਰੇ ਦੱਸਿਆ।ਇਸ ਦੌਰਾਨ ਅਸਿਸਟੈਂਟ ਪ੍ਰੋਫੈਸਰ, ਐਗਰੋਨਾਮੀ, ਪੀ.ਏ.ਯੂ ਲੁਧਿਆਣਾ ਜਸਵੀਰ ਸਿੰਘ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਵਰਤੀ ਜਾਂਦੀ ਵੱਖ-ਵੱਖ ਤਰਾਂ ਦੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਇਸ ਪ੍ਰਾਜੈਕਟ ਨਾਲ ਜੁੜੇ ਧਰਮਿੰਦਰ ਸਿੰਘ, ਪਰਵਿੰਦਰ ਸਿੰਘ ਤੇ ਗੁਰਸੇਵਕ ਸਿੰਘ ਡਿਮਾਂਸਟ੍ਰੇਟਰ ਨੇ ਵੀ ਖੇਤੀ ਮਸ਼ੀਨਰੀ ਦੀ ਢੁਕਵੀਂ ਵਰਤੋ ਬਾਰੇ ਗੱਲ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …