ਠੰਡੀ ਹਵਾ ਦੇ ਬੁੱਲੇ ਆਵਣ
ਠੰਡ ਕਲੇਜੇ ਨੂੰ ਓਹ ਪਾਵਣ
ਸਭ ਢੋਲੇ ਮਾਹੀਏ ਟੱਪੇ ਗਾਵਣ
ਹੈ ਸਭਨਾਂ ਲਈ ਖਵਾਬ ਅਸਾਡਾ
ਐਸਾ ਬਣੇ ਪੰਜਾਬ ਅਸਾਡਾ।
ਧੀਆਂ ਭੈਣਾਂ ਦੀ ਇੱਜ਼ਤ ਕਰੀਏ
ਓਸ ਖੁਦਾ ਤੋਂ ਸਦਾ ਹੀ ਡਰੀਏ
ਇੱਕ ਦੂਜੇ ਨਾਲ ਕਦੇ ਨਾ ਲੜੀਏ
ਤਾਹੀਂ ਹੋਊ ਸਤਿਕਾਰ ਅਸਾਡਾ
ਐਸਾ………………
ਦੰਗੇ ਅਤੇ ਫਸਾਦ ਨਾ ਹੋਵਣ
ਭੁੱਖਣ ਭਾਣੇ ਲੋਕ ਨਾ ਰੋਵਣ
ਸਭ ਆਪਣੇ ਘਰੀਂ ਹੀ ਸਿਰ ਲਕੋਵਣ
ਮਾਲਿਕਾ ਇਹੀ ਅਲਾਪ ਅਸਾਡਾ।
ਐਸਾ………………
ਕੁੱਖਾਂ ਵਿੱਚ ਨਾ ਧੀ ਮਾਰੀਏ
ਪਾਲੀਏ ਪੁੱਤਾਂ ਵਾਂਗ ਪੜ੍ਹਾਈਏ
ਭਰੂਣ ਦੀ ਕਦੇ ਨਾ ਜਾਂਚ ਕਰਾਈਏ
ਵਧੇ ਫੁੱਲੇ ਪਰਿਵਾਰ ਅਸਾਡਾ।
ਐਸਾ………………
ਵਾਤਾਵਰਣ ਵੀ ਸ਼ੁੱਧ ਬਣਾਈਏ
ਹੱਥੀਂ ਇੱਕ-ਇੱਕ ਰੁੱਖ ਲਗਾਈਏ
ਨਾੜ ਨੂੰ ਕਦੇ ਨਾ ਲਾਂਬੂ ਲਾਈਏ
ਤਾਂ ਹੀ ਬਚੂ ਪੰਜਾਬ ਅਸਾਡਾ।
ਐਸਾ………………
ਨਹੀਂ ਜੇ ਜੱਗ ਦੇ ਮਿਹਣੇ ਸਹਿਣੇ
ਆਖੇ ਲੱਗ ਜੋ ਮੰਨ ਜੋ ਕਹਿਣੇ
ਆਖਿਰ ਨਸ਼ੇ ਤਿਆਗਣੇ ਪੈਣੇ
ਤਾਂ ਸੁਪਨਾ ਹੋਊ ਸਾਕਾਰ ਅਸਾਡਾ।
ਐਸਾ………………
ਨਾ ਹੀ ਕਿਸੇ ਦੀ ਪਰਖੀਏ ਜਾਤ
ਇਨਸਾਨੀਅਤ ਵਾਲਾ ਪੜ੍ਹੀਏ ਪਾਠ
ਰਹੇ ਨਾਮ ਖੁਮਾਰੀ ਦੀ ਪ੍ਰਭਾਤ
ਬਣੇ ਇਹੋ ਜਿਹਾ ਕਿਰਦਾਰ ਅਸਾਡਾ।
ਐਸਾ………………
ਜਾਤ ਪਾਤ ਦੀਆਂ ਪੈਣ ਨਾ ਵੰਡੀਆਂ
ਆਓ ਐਸੀਆਂ ਗੱਡੀਏ ਝੰਡੀਆਂ
ਦੇਸ਼ ਦੀਆਂ ਕੋਈ ਕਰੇ ਨਾ ਭੰਡੀਆਂ
ਰੱਬਾ ਸੁਪਨਾ ਕਰ ਸਾਕਾਰ ਅਸਾਡਾ।
ਐਸਾ………………
ਜੁੜ ਬੈਠੀਏ ਫਿਰ ਤੋਂ ਸਾਰੇ
ਵੰਡੀਆਂ ਪਾਉਣ ਦੇ ਕਰਨ ਜੋ ਕਾਰੇ
ਲਾਈਏ ਰਲ ਮਿਲ ਕੇ ਕਿਨਾਰੇ
ਬਣਿਆਂ ਰਹੇ ਪਿਆਰ ਅਸਾਡਾ।
ਐਸਾ………………
ਨਾ ਦੇਈਏ ਨਾ ਲਈਏ ਰਿਸ਼ਵਤ
ਐਸੀ ਬਣਾਈਏ ਸਾਰੇ ਫਿਤਰਤ
ਕੋਈ ਪੰਜਾਬੋਂ ਕਰੇ ਨਾ ਹਿਜ਼ਰਤ
ਇਸੇ ਵਿੱਚ ਹੈ ਲਾਭ ਅਸਾਡਾ।
ਐਸਾ………………
ਦੱਦਾਹੂਰੀਆ ਅਰਜ਼ੋਈ ਕਰਦਾ
ਤੇਰੇ ਚਰਨਾਂ ਵਿੱਚ ਸਿਰ ਧਰਦਾ
ਤੂੰ ਆਪੇ ਰੱਖ ਲਈਂ ਸਭ ਦਾ ਪੜਦਾ
ਮੁੱਕੇ ਨਾ ਕਦੇ ਆਬ ਅਸਾਡਾ।
ਐਸਾ………………
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 95691 49556