Friday, November 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਇਕ-ਰੋਜ਼ਾ ਸੈਮੀਨਾਰ

ਸਿੱਖ ਅਕਾਦਮਿਕਤਾ ਅਤੇ ਖੋਜ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ – ਪ੍ਰੋ. ਬਲਕਾਰ ਸਿੰਘ
ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਤੇ PPNJ2211201901ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਵਿਸ਼ੇਸ਼ ਇਕ-ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਕਰਵਾਇਆ ਗਿਆ। ‘ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ’ ਸੈਮੀਨਾਰ ਲੜੀ ਦੇ ਅੰਤਰਗਤ ਇਹ 34ਵਾਂ ਸੈਮੀਨਾਰ ਸੀ, ਜਿਸ ਦਾ ਵਿਸ਼ਾ ‘ਗੁਰੂ ਨਾਨਕ ਦੇਵ ਜੀ ਦੇ ਪ੍ਰਮੁੱਖ ਆਦਰਸ਼ ਅਤੇ ਸੰਸਥਾਵਾਂ ਦਾ ਪੁਨਰ-ਮੁਲੰਕਣ’ ਨਾਲ ਸੰਬੰਧਿਤ ਸੀ। ਸੈਮੀਨਾਰ ਵਿਚ ਵੱਖ ਵੱਖ ਵਿਭਾਗਾਂ ਤੋਂ ਖੋਜਾਰਥੀਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਹੋਰ ਵਿਦਵਾਨਾਂ ਅਤੇ ਪਤਵੰਤਿਆਂ ਨੇ ਭਾਗ ਲਿਆ।
            PPNJ2211201902ਸੈਮੀਨਾਰ ਦੇ ਉਦਘਾਟਨੀ ਭਾਸ਼ਣ ਵਿਚ ਪ੍ਰੋ. ਜਗਬੀਰ ਸਿੰਘ ਸਾਬਕਾ ਮੁਖੀ ਦਿੱਲੀ ਯੂਨੀਵਰਸਿਟੀ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਧਰਮਾਂ ਨੂੰ ਨਵੀਂ ਸੇਧ ਦੇਣ ਵਾਲੇ ਧਰਮ ਪ੍ਰਵਰਤਕ ਸਨ। ਉਨ੍ਹਾਂ ਨੇ ਆਪਣੇ ਵਿਰਸੇ ਨਾਲ ਵੀ ਸੰਵਾਦ ਰਚਾਇਆ ਅਤੇ ਉਹ ਇਕ ਮਹਾਂ ਕਥਾ ਸਿਰਜਦੇ ਹਨ। ਗੁਰੂ ਨਾਨਕ ਦੇਵ ਜੀ ਬਾਣੀ ਗਿਆਨ ਦਾ ਮਹਾਂ ਪ੍ਰਵਚਨ ਹੈ। ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਨਵੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਬਲਕਿ ਉਨ੍ਹਾਂ ਨੂੰ ਨਵੀਂ ਸੇਧ ਵੀ ਦਿੱਤੀ।ਗੁਰੂ ਨਾਨਕ ਦੇਵ ਜੀ ਦੀ ਵਿਸ਼ਵ ਦ੍ਰਿਸ਼ਟੀ ਸਰਬ ਸਾਂਝੀਵਾਲਤਾ ਨਾਲ ਭਰਪੂਰ ਹੈ।

ਪ੍ਰੋ. ਬਲਕਾਰ ਸਿੰਘ ਸਾਬਕਾ ਮੁਖੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੁੰਜੀਵਤ ਭਾਸ਼ਣ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆ ਆਖਿਆ ਕਿ ਸਿੱਖ ਅਕਾਦਮਿਕਤਾ ਅਜੇ ਪੱਕੇ ਪੈਰੀਂ ਸਥਾਪਿਤ ਨਹੀਂ ਹੋਈ। ਧਰਮ ਦੇ ਸਿਆਸੀ ਅਪਹਰਣ ਕਰਕੇ ਪ੍ਰਸੰਗਕ ਉਖਾੜ ਸ਼ੁਰੂ ਹੋ ਗਏ ਹਨ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਵਿਚਾਰਦਿਆਂ ਧਾਰਮਿਕਤਾ ਤੇ ਅਕਾਦਮਿਕਤਾ ਦਾ ਜੋੜ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਨੇ ਧਰਮ ਤੇ ਸਭਿਆਚਾਰ ਦੀ ਖਿੰਗੜੀ ਪੁਆਈ ਸੀ ਅਤੇ ਇਨ੍ਹਾਂ ਦਾ ਵਿਛੋੜਾ ਵੀ ਧਰਮਾਂ ਅਤੇ ਸੰਸਥਾਵਾਂ ਦਾ ਨੁਕਸਾਨ ਕਰਦਾ ਹੈ।
             ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਧਰਮ ਦੀਆਂ ਕਦਰਾਂ ਕੀਮਤਾਂ ਉਚੇਰੀਆਂ ਕਰਨ ਵਾਸਤੇ ਆਏ ਸਨ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਡਾ. ਦਲਬੀਰ ਸਿੰਘ ਪਨੂੰ ਯੂ.ਐਸ.ਏ. ਸ਼ਿਰਕਤ ਕੀਤੀ ਅਤੇ ਉਨ੍ਹਾਂ ਦੁਆਰਾ ਲਿਖੀ ਹੋਈ ਕਿਤਾਬ ‘ਦ ਹੈਰੀਟੇਜ ਆਫ ਸਿਖਸ ਬੀਓਂਡ ਬਾਰਡਜ਼’ ਰਿਲੀਜ਼ ਕੀਤੀ ਗਈ।
               ਸੈਮੀਨਾਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਸੈਮੀਨਾਰ ਵਿਚ ਭਾਗ ਲੈਣ ਆਏ ਸਮੂਹ ਡੈਲੀਗੇਟਸ ਨੂੰ ਜੀ ਆਇਆਂ ਆਖਿਆ। ਉਦਘਾਟਨੀ ਸੈਸ਼ਨ ਦਾ ਸਟੇਜ ਸੰਚਾਲਨ ਸੈਮੀਨਾਰ ਕੋ-ਆਰਡੀਨੇਟਰ ਡਾ. ਮਨਵਿੰਦਰ ਸਿੰਘ ਨੇ ਕੀਤਾ। ਇਸ ਸੈਮੀਨਾਰ ਦੇ ਅਕਾਦਮਿਕ ਸੈਸ਼ਨ ਵਿਚ ਡਾ. ਕੁਲਵਿੰਦਰ ਸਿੰਘ ਬਾਜਵਾ, ਡਾ. ਸੁਖਮਨੀ ਰਿਆੜ, ਡਾ. ਹਰਦੇਵ ਸਿੰਘ ਵਿਰਕ, ਡਾ ਬਲਵੰਤ ਸਿੰਘ ਮੱਲੀ, ਡਾ. ਸਰਵਣ ਸਿੰਘ ਆਦਿ ਨੇ ਪਰਚੇ ਪੜ੍ਹੇ।ਇਨ੍ਹਾਂ ਤੋਂ ਇਲਾਵਾ ਡਾ. ਜਸਬੀਰ ਸਿੰਘ ਸਾਬਰ, ਪ੍ਰਿੰਸੀਪਲ ਵਰਿਆਮ ਸਿੰਘ, ਬੀਬਾ ਕਿਰਨਜੋਤ ਕੌਰ, ਬਲਵਿੰਦਰ ਸਿੰਘ ਜੋੜਾਸਿੰਘਾ, ਪ੍ਰਿੰਸੀਪਲ ਬਲਵਿੰਦਰ ਕੌਰ ਮਾਹਲ ਆਦਿਕ ਮਾਨਯੋਗ ਪਤਵੰਤੇ ਵਿਦਵਾਨਾਂ ਨੇ ਭਾਗ ਲਿਆ।ਡਾ. ਭਾਰਤਬੀਰ ਕੌਰ ਸੰਧੂ ਨੇ ਸੈਮੀਨਾਰ ਵਿਚ ਹਾਜ਼ਰ ਹੋਏ ਪਤਵੰਤੇ ਸਜਣਾਂ ਤੇ ਵਿਦਵਾਨ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply