ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਪੱਤਰਕਾਰੀ ਬਾਰੇ
ਵਿਹਾਰਕ ਸਿਖਲਾਈ ਦੇਣ ਅਤੇ ਕਾਲਜ ਕੈਂਪਸ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਲਈ ਮਹੀਨੇਵਾਰ ਕੈਂਪਸ ਪਤ੍ਰਿਕਾ ‘ਕੈਂਪਸਨਾਮਾ’ ਆਰੰਭ ਕੀਤੀ ਗਈ ਹੈ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਕੈਂਪਸਨਾਮਾ’ ਦਾ ਸਥਾਪਨਾ ਅੰਕ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਇਥੇ ਰਿਲੀਜ਼ ਕੀਤਾ ਗਿਆ।
‘ਕੈਂਪਸਨਾਮਾ’ ਰਿਲੀਜ਼ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ‘ਤਕਨੀਕੀ ਯੁੱਗ ’ਚ ਤੇਜ਼ੀ ਨਾਲ ਬਦਲਦੇ ਸਮੇਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਵਿਭਾਗ ਵਲੋਂ ਲਗਾਤਾਰ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ।ਇਸ ਲੜੀ ਨੂੰ ਅੱਗੇ ਤੋਰਦਿਆਂ ਵਿਭਾਗ ਵਲੋਂ ਕੈਂਪਸ ਪੱਤ੍ਰਿਕਾ ‘ਕੈਂਪਸਨਾਮਾ’ ਦਾ ਆਗਾਜ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਮਹੀਨੇਵਾਰ ਪੱਤ੍ਰਿਕਾ ਵਿਦਿਆਰਥੀਆਂ ਵਾਸਤੇ ਸਿਧਾਂਤਕ ਦੇ ਨਾਲ-ਨਾਲ ਵਿਹਾਰਕ ਰੂਪ ’ਚ ਪੱਤਰਕਾਰੀ ਸਿੱਖਣ ਦਾ ਮਾਧਿਅਮ ਬਣੇਗੀ।ਇਸ ਰਾਹੀਂ ਵਿਦਿਆਰਥੀ ਆਪਣੇ ਪੱਤਰਕਾਰੀ ਦੇ ਹੁਨਰ ਨੂੰ ਤਰਾਸ਼ ਕੇ ਇਕ ਕਸਬੀ ਪੱਤਰਕਾਰ ਬਣਨ ਦੀ ਦਿਸ਼ਾ ’ਚ ਅਗਾਂਹ ਵਧਣਗੇ।
ਇਸ ਮੌਕੇ ਕਾਲਜ ਦੇ ਡੀਨ ਲੋਕ ਸੰਪਰਕ ਮਾਮਲੇ ਅਤੇ ਪੱਤ੍ਰਿਕਾ ਦੇ ਸੰਪਾਦਕੀ ਬੋਰਡ ਮੈਂਬਰ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ‘ਕੈਂਪਸਨਾਮਾ’ ਦਾ ਮਕਸਦ ਵਿਦਿਆਰਥੀਆਂ ਅੰਦਰ ਮੌਜੂਦ ਪੱਤਰਕਾਰੀ ਸੂਝ ਨੂੰ ਤਲਾਸ਼ਣਾ, ਤਰਾਸ਼ਣਾ ਅਤੇ ਉਨ੍ਹਾਂ ਦੇ ਪ੍ਰਗਟਾਵੇ ਦਾ ਮਾਧਿਅਮ ਬਣਨਾ ਹੈ।ਪੱਤਰਕਾਰੀ ਦੇ ਸਿਧਾਂਤਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਮਝਣਾ ਤੇ ਜ਼ਮੀਨੀ ਹਕੀਕਤਾਂ ’ਚੋਂ ਗੁੁਜ਼ਰਦਿਆਂ ਇਸ ਦੀ ਵਿਹਾਰਕਤਾ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਲਾਜ਼ਮੀ ਹੈ।ਕਾਲਜ ਦੇ ਡੀਨ ਅਕਾਦਮਿਕ ਮਾਮਲੇ ਅਤੇ ਪੱਤ੍ਰਿਕਾ ਦੇ ਸੰਪਾਦਕੀ ਬੋਰਡ ਮੈਂਬਰ ਪ੍ਰੋ. ਸੁਖਮੀਨ ਬੇਦੀ ਨੇ ਕਿਹਾ ਕਿ ਜਨਸੰਚਾਰ ਅਤੇ ਪੱਤਰਕਾਰੀ ਵਿਭਾਗ ਵਲੋਂ ਆਰੰਭੀ ਗਈ ਪੱਤ੍ਰਿਕਾ ਇਕ ਸ਼ਲਾਘਾਯੋਗ ਉਪਰਾਲਾ ਹੈ।
ਵਿਭਾਗ ਇੰਚਾਰਜ ਅਤੇ ਪੱਤ੍ਰਿਕਾ ਦੇ ਮੁੱਖ-ਸੰਪਾਦਕ ਪ੍ਰੋ. ਅਮਨਜਯੋਤੀ ਕੌਰ ਨੇ ਕਿਹਾ ਕਿ ‘ਕੈਂਪਸਨਾਮਾ’ ਜਿਥੇ ਪੱਤਰਕਾਰੀ ਦੇ ਗੁਰ ਸਿੱਖਣ ਲਈ ਵਿਦਿਆਰਥੀ ਦੇ ਅਭਿਆਸ ਵਾਸਤੇ ਇਕ ਮਹੱਤਵਪੂਰਨ ਮਾਧਿਅਮ ਬਣੇਗਾ, ਉਥੇ ਹੀ ਸਮੁੱਚੇ ਕਾਲਜ ਕੈਂਪਸ ਦੀਆਂ ਪ੍ਰਾਪਤੀਆਂ ਨੂੰ ਇਕ ਸੂਤਰ ’ਚ ਪਿਰੋਣ ਵਾਲਾ ਸੂਤਰਧਾਰ ਸਾਬਿਤ ਹੋਵੇਗਾ।‘ਕੈਂਪਸਨਾਮਾ’ ਦੇ ਸੰਪਾਦਕ ਪ੍ਰੋ. ਦੀਪ ਜਗਦੀਪ ਸਿੰਘ ਨੇ ਕਿਹਾ ਕਿ ‘ਕੈਂਪਸਨਾਮਾ ਦੀ ਪ੍ਰਕਾਸ਼ਨਾ ਇਕ ਸੁਪਨਾ ਪੂਰਾ ਹੋਣ ਵਾਂਗ ਹੈ।ਡਾ. ਮਹਿਲ ਸਿੰਘ ਦੀ ਅਗਵਾਈ ’ਚ ਇਹ ਸੁਪਨਾ ਬੀਜ਼ ਤੋਂ ਬਿਰਖ ਬਣ ਸਕਿਆ ਹੈ। ਲੋਕਤੰਤਰ ’ਚ ਪੱਤਰਕਾਰੀ ਨੂੰ ਚੌਥਾ ਥੰਮ ਕਿਹਾ ਜਾਂਦਾ ਹੈ।ਇਹ ਸਮਾਜ ਦਾ ਤੀਸਰਾ ਨੇਤਰ ਹੁੰਦਾ ਹੈ, ਜੋ ਆਲੇ-ਦੁਆਲੇ ਵਾਪਰਦੇ ਵਰਤਾਰਿਆਂ ਨੂੰ ਤਿਰਛੀ ਤੇ ਜਾਗਰੂਕ ਨਜ਼ਰ ਨਾਲ ਵੇਖਦਾ ਅਤੇ ਸਮਾਜ ਨੂੰ ਜਗਾਉਂਦਾ ਹੈ।ਇਸ ਪੱਤ੍ਰਿਕਾ ਰਾਹੀਂ ਮੁੱਢਲੀ ਸਿਖਲਾਈ ਲੈ ਕੇ ਅੱਜ ਦਾ ਜਾਗਰੂਕ ਵਿਦਿਆਰਥੀ ਭਲਕ ਦਾ ਜਾਗਰੂਕ ਪੱਤਰਕਾਰ ਬਣੇਗਾ।
ਇਸ ਮੌਕੇ ਪ੍ਰੋ. ਵਰਿੰਦਰ ਸਿੰਘ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਅਮਿਤ ਕੁਮਾਰ, ਪ੍ਰੋ. ਨੀਰਵਾ ਸਫ਼ੜੀਆ ਤੇ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media