Thursday, February 13, 2025

ਸਾਬਕਾ ਜਵਾਨਾ ਵੱਲੋਂ ਦੇਸ਼ ਦੀ ਕੀਤੀ ਸੇਵਾ ਤੇ ਕੁਰਬਾਨੀਆਂ ਦੀ ਸਰਕਾਰਾਂ ਨੂੰ ਕੋਈ ਕਦਰ ਨਹੀ – ਬਾਠ

PPN29091428
ਰਈਆ, 29 ਸਤੰਬਰ (ਬਲਵਿੰਦਰ ਸੰਧੂ)- ਇੰਡੀਅਨ ਐਕਸ ਸਰਵਸਿਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੇ ਬਲਾਕ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਅਤੇ ਜਨਰਲ ਸੈਕਟਰੀ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਹਰੇਕ ਸਮੇਂ ਦੇਸ਼ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਸਾਬਕਾ ਜਵਾਨਾਂ ਦੀਆਂ ਕੀਤੀਆਂ ਕੁਰਬਾਨੀਆਂ ਦੀ ਕਦਰ ਨਹੀਂ ਕਰਦੀ ਕਿਉਂ ਕਿ ਸਰਕਾਰਾਂ ਹਮੇਸ਼ਾ ਦੀ ਤਰਾਂ 33 ਸਾਲਾਂ ਤੋਂ ਚੱਲ ਰਹੀ ਇਹਨਾਂ ਜਵਾਨਾਂ ਦੀ ਅਹਿਮ ਮੰਗ ਇੱਕ ਰੈਂਕ ਇੱਕ ਪੈਨਸ਼ਨ ਨੂੰ ਪ੍ਰਵਾਨਗੀ ਦੇਣ ਦੇ ਬਾਅਦ ਇਹਨਾਂ ਦਾ ਲਾਭ ਜਵਾਨਾਂ ਅਤੇ ਪਰਿਵਾਰਾਂ ਨੂੰ ਦੇਣ ਵਿੱਚ ਡੰਗ ਟਪਾਉ ਨੀਤੀ ਅਪਣਾ ਰਹੀ ਹੈ।ਇਹਨਾਂ ਸਾਬਕਾ ਜਵਾਨਾਂ ਦੀਆਂ ਸ਼ਾਂਤਮਈ ਅਪੀਲਾਂ ਨੂੰ ਵਾਰ-ਵਾਰ ਨਜਰ ਅੰਦਾਜ਼ ਕਰਕੇ ਸਰਕਾਰ ਇਹਨਾਂ ਦੇ ਸਬਰ ਦਾ ਅੰਤ ਨਾ ਲਵੇ। ਜੇਕਰ ਜਲਦ ਹੀ ਇਸ ਮੁੱਦੇ ਤੇ ਵਿਚਾਰ ਕਰਕੇ ਜਵਾਨਾਂ ਨੂੰ ਉਹਨਾਂ ਦਾ ਹੱਲ ਨਹੀਂ ਦਿੱਤਾ ਗਿਆ ਤਾਂ ਇਸ ਦੇ ਨਤੀਜੇ ਜੋ ਵੀ ਨਿਕਲਣਗੇ ਉਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਜਿਹੜੇ ਅਹਿਮ ਐਲਾਨ ਕੀਤੇ ਸਨ, ਉਹਨਾਂ ਵਿੱਚੋਂ ਕੇਵਲ ਇੱਕ ਜਾਇਦਾਦ ਟੈਕਸ ਮੁਆਫ ਕਰਕੇ ਸਾਬਕਾ ਫੌਜੀਆਂ ਦੇ ਪਰਿਵਾਰਾਂ ਨਾਲ ਮਜਾਕ ਕੀਤਾ ਹੈ ।ਜਦ ਕਿ ਇਸ ਤੋਂ ਇਲਾਵਾ ਸੀ.ਐਸ.ਡੀ. ਕੰਟੀਨ ਟੈਕਸ ਘਟਾਉਣ, ਐਨ.ਸੀ.ਸੀ. ਕੈਡਿਟਾਂ ਦਾ ਭੱਤਾ ਵਧਾਉਣ ਦਾ ਐਲਾਨ ਕਰਕੇ ਉਹਨਾਂ ਬਾਰੇ ਕੈਬਨਿਟ ਮੀਟਿੰਗ ਚ ਕੋਈ ਫੈਸਲਾ ਨਹੀਂ ਲਿਆ ਗਿਆ। ਐਕਸ ਸਰਵਿਸਜ਼ ਲੀਗ ਅਤੇ ਸਮੂਹ ਸਾਬਕਾ ਫੌਜੀਆਂ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਵੀਰ ਜਵਾਨਾਂ ਦੇ ਸਾਰੇ ਮੁੱਦੇ ਹੱਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ‘ਚ ਜੇਕਰ ਡੰਗ ਟਪਾਊ ਨੀਤੀ ਅਪਣਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਚ ਇਸ ਦੇ ਰੋਸ ਚ ਜੋ ਵੀ ਫੈਸਲੇ ਜਥੇਬੰਦੀ ਵੱਲੋਂ ਲਏ ਜਾਣਗੇ, ਉਸ ਦੀ ਜ਼ਿੰਮੇਵਾਰੀ ਸਮੇਂ ਦੀਆਂ ਸਰਕਾਰਾਂ ਦੀ ਹੋਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਬਣਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਸਰਕਾਰ ਦੇ ਮਨੋਰਥ ਤਾਂ ਹੀ ਚੰਗੇ ਲੱਗਦੇ ਹਨ। ਜੇਕਰ ਵਤਨ ਲਈ ਲੜ੍ਹ ਕੇ ਸ਼ਹੀਦ ਹੋਏ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਜਵਾਨਾਂ ਦੇ ਹੱਕ ਇਨਾਂ ਨੂੰ ਦਿੱਤੇ ਜਾਣ ਨਹੀਂ ਤਾਂ ਮੋਏ ਦੇ ਮੂੰਹ ‘ਚ ਘਿਓ ਦੇਣ ਦੀ ਕਹਾਵਤ ਹੀ ਸਿੱਧ ਹੁੰਦੀ ਹੈ।ਜਨਰਲ ਸੈਕਟਰੀ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਅਹਿਮ ਸੂਚਨਾ ਦਿੱਤੀ ਕਿ 14 ਅਕਤੂਬਰ 2014 ਦਿਨ ਮੰਗਲਵਾਰ ਠੀਕ 11 ਵਜੇ ਗਗਨ ਪੈਲੇਸ ਬਾਬਾ ਬਕਾਲਾ ਵਿਖੇ ਜ਼ਿਲਾ ਅੰਮ੍ਰਿਤਸਰ ਸੈਨਿਕ ਭਲਾਈ ਅਫਸਰ ਵੱਲੋਂ ਸਾਬਕਾ ਫੌਜੀਆਂ ਅਤੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੰਗਤ ਦਰਸ਼ਨ ਕੀਤਾ ਜਾਵੇਗਾ।ਸਮੂਹ ਸਾਬਕਾ ਫੌਜੀਆਂ ਅਤੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਮੁਸ਼ਕਿਲਾਂ ਐਕਸ ਸਰਵਿਸਜ਼ ਲੀਗ ਬਾਬਾ ਬਕਾਲਾ ਟੀਮ ਵੱਲੋਂ ਕੀਤੀ ਜਾ ਰਹੀ ਮਹੀਨਾਵਾਰ ਮੀਟਿੰਗ ਜੋ ਕਿ 5 ਅਕਤੂਬਰ ਦਿਨ ਐਤਵਾਰ ਬਾਬਾ ਗੁਰਮੁੱਖ ਸਿੰਘ ਸਰੋਵਰ ਵਿਖੇ 11 ਵਜੇ ਹੋਵੇਗੀ, ਵਿੱਚ ਆਪਣੀਆਂ ਫਾਈਲਾਂ ਲੀਗ ਦੇ ਅਹੁਦੇਦਾਰਾਂ ਨੂੰ ਦੇਣ ਦੀ ਖੇਚਲ ਕਰਨ ਤਾਂ ਜੋ ਸੈਨਿਕ ਭਲਾਈ ਅਫਸਰਾਂ ਨਾਲ ਪਹਿਲਾਂ ਹੀ ਵਿਚਾਰ ਕਰਕੇ ਮੌਕੇ ‘ਤੇ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ।

Check Also

ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …

Leave a Reply