ਈ.ਪੀ.ਐਫ ਪੈਨਸ਼ਨ ਧਾਰਕਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਜਲੰਧਰ, 30 ਸਤੰਬਰ (ਹਰਦੀਪ ਸਿੰਘ ਦਿਓਲ/ ਪਵਨਦੀਪ ਸਿੰਘ) – ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਫੂਡ ਪ੍ਰਾਸੈਸਿੰਗ ਖੇਤਰ ਨੂੰ ਭਰਪੂਰ ਸੰਭਾਵਨਾਵਾਂ ਵਾਲਾ ਖੇਤਰ ਆਖਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਫੂਡ ਪ੍ਰਾਸੈਸਿੰਗ ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਕਿੱਤਾਮੁਖੀ ਹੁਨਰ (ਸਕਿੱਲ ਡਿਵੈਲਪਮੈਂਟ) ਦੀ ਟ੍ਰੇਨਿੰਗ ਦੇਣਾ ਫੂਡ ਪ੍ਰਾਸੈਸਿੰਗ ਮੰਤਰਾਲੇ ਦਾ ਮੁੱਖ ਟੀਚਾ ਹੈ। ਅੱਜ ਇਥੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਈ.ਪੀ.ਐਫ ਪੈਨਸ਼ਨਰਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆਏ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਢਲੇ ਦੌਰ ਵਿਚੱ ਫੂਡ ਪ੍ਰਾਸੈਸਿੰਗ ਖੇਤਰ ਦੇ ਪੰਜ ਅਹਿਮ ਉਦਯੋਗਾਂ ਦੀਆਂ ਜ਼ਰੂਰਤਾਂ ਅਨੁਸਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦਿਵਾਏ ਜਾਣ ਲਈ ਫੂਡ ਪ੍ਰਾਸੈਸਿੰਗ ਮੰਤਰਾਲੇ ਵੱਲੋਂ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੰਤਰਾਲੇ ਵੱਲੋਂ ਇਸ ਯੋਜਨਾਂ ਦੇ ਪਹਿਲੇ ਪੜਾਅ ਤਹਿਤ ਹਰ ਸਾਲ 10 ਹਜ਼ਾਰ ਨੌਜਵਾਨਾਂ ਨੂੰ ਫੂਡ ਪ੍ਰਾਸੈਸਿੰਗ ਖੇਤਰ ਦੀਆਂ ਜ਼ਰੂਰਤਾਂ ਅਨੁਸਾਰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਇਸ ਟੀਚੇ ਨੂੰ ਮੰਗ ਅਨੁਸਾਰ ਵਧਾਇਆ ਜਾਵੇਗਾ।
ਫੂਡ ਪ੍ਰਾਸੈਸਿੰਗ ਖੇਤਰ ਨੂੰ ਰੁਜ਼ਗਾਰ ਪੈਦਾ ਕਰਨ ਅਤੇ ਮਹਿੰਗਾਈ ਨੂੰ ਕਾਬੂ ਕਰਨ ਲਈ ਸਮਰੱਥਾ ਵਾਲਾ ਖੇਤਰ ਐਲਾਨਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਅੰਦਰ 17 ਨਵੇਂ ਫੂਡ ਪਾਰਕ ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਮੁਲਕ ਅੰਦਰ ਫੂਡ ਪ੍ਰਾਸੈਸਿੰਗ ਖੇਤਰ ਦੇ ਵਿਕਾਸ ਲਈ ਨਵੀਂ ਬੁਨਿਆਦ ਬੰਨ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਫੂਡ ਉਤਪਾਦਾਂ ਨੂੰ ‘ਖੇਤ ਤੋਂ ਥਾਲੀ ਤੱਕ’ ਪਹੁੰਚਾਉਣ ਲਈ ਮੁਲਕ ਅੰਦਰ ਫੂਡ ਪ੍ਰਾਸੈਸਿੰਗ ਖੇਤਰ ਦਾ ਵਿਕਾਸ ਬਹੁਤ ਜ਼ਰੂਰੀ ਹੈ ਤਾਂ ਜੋ ਸਵੈ-ਰੁਜ਼ਗਾਰ, ਸੈਲਫ-ਹੈਲਪ ਗਰੁੱਪ ਅਤੇ ਰੁਜ਼ਗਾਰ ਪੈਦਾ ਕੀਤੇ ਜਾਣ ਨਾਲ ਵੱਧ ਤੋਂ ਵੱਧ ਲੋਕਾਂ ਦੀ ਆਰਥਿਕਤਾ ਮਜਬੂਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇੇਂ ਫਲਾਂ ਅਤੇ ਸਬਜੀਆਂ ਦੀ ਕੁੱਲ ਪੈਦਾਵਾਰ ਵਿੱਚੋਂ ਕੇਵਲ 2.5 ਫੀਸਦ ਅਤੇ ਕੁੱਲ ਦੁੱਧ ਉਤਪਾਦਨ ਦੇ ਕੇਵਲ 36 ਫੀਸਦ ਦੀ ਫੂਡ ਪ੍ਰਾਸੈਸਿੰਗ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਰਾਜਾਂ ਦੇ ਪਕਵਾਨਾਂ ਨੂੰ ਬਰੈਂਡ ਇੰਡੀਆ ਵਜੋਂ ਬਾਹਰਲੇ ਮੁਲਕਾਂ ਵਿੱਚ ਸਥਾਪਤ ਕਰਨ ਲਈ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਮੁਲਕ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਸ੍ਰੀ ਮੋਦੀ ਦੀ ਸੋਚ ਭਾਰਤ ਦੇ ਆਮ ਨਾਗਰਿਕਾਂ ਨੂੰ ਆਰਥਿਕ ਤਰੱਕੀ ਦੇ ਵਾਹਕ ਬਣਾਉਣ ਅਤੇ ਗਰੀਬ ਤਬਕਿਆਂ ਨੂੰ ਪ੍ਰਗਤੀ ਦੇ ਦਾਇਰੇ ਵਿੱਚ ਲਿਆਉਣ ਦੀ ਹੈ।ਉਨ੍ਹਾਂ ਕਿਹਾ ਕਿ ਜਨ-ਧਨ ਯੋਜਨਾਂ ਅਤੇ ਸਵੱਛ ਭਾਰਤ ਅਭਿਆਨ ਪ੍ਰਧਾਨ ਮੰਤਰੀ ਦੀ ਲੋਕ ਪੱਖੀ ਅਤੇ ਮੁਲਕ ਪੱਖੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਮੋਦੀ ਵੱਲੋਂ ਗਵਰਨੈਂਸ ਪ੍ਰਣਾਲੀ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਤਕਨੀਕੀ ਪੱਖੋਂ ਮਜ਼ਬੂਤ ਕਰਨ ਲਈ ਵੀ ਸੰਜੀਦਾ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੀ ਕੇਂਦਰ ਦੀ ਯੂ.ਪੀ.ਏ ਸਰਕਾਰ ਵੱਲੋਂ ਮੁਲਕ ਦੇ ਖਜ਼ਾਨੇ ਦਾ ਦੁਰਉਪਯੋਗ ਕਰਨ ਸਦਕਾ ਮੌਜੂਦਾ ਕੇਂਦਰ ਸਰਕਾਰ ਨੂੰ ਵੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ ਦੀ ਮਾੜੀ ਕਾਰਗੁਜ਼ਾਰੀ ਕਾਰਨ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰਾਲੇ ਦੀਆਂ 2003 ਤੋਂ ਹੁਣ ਤੱਕ ਦੀਆਂ ਸਬਸਿਡੀਆਂ ਲੰਬਿਤ ਪਈਆਂ ਹਨ ਜਿਨ੍ਹਾਂ ਦਾ ਭੁਗਤਾਨ ਆਉਾਂਦੇ ਸਾਲ ਤੱਕ ਮੁਕੰਮਲ ਹੋਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਪੈਨਸ਼ਨ 1000 ਰੁਪਏ ਤੈਅ ਕੀਤੇ ਜਾਣਾ ਵੀ ਇਸ ਸਰਕਾਰ ਦਾ ਵੱਡਾ ਲੋਕ ਪੱਖੀ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 50 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜਿਕ ਸੁਰੱਖਿਆ ਸਕੀਮ ਤਹਿਤ ਵੇਤਨ ਸੀਲਿੰਗ 6500 ਰੁਪਏ ਪ੍ਰਤੀ ਮਹੀਨਾਂ ਵਧਾਕੇ 15000 ਰੁਪਏ ਕਰਨਾਂ ਵੀ ਉਸਾਰੂ ਕਦਮ ਹੈ ਜਿਸ ਨਾਲ ਪੈਨਸ਼ਨ ਲਾਭ 3250 ਰੁਪਏ ਤੋਂ ਵੱਧਕੇ 7500 ਰੁਪਏ ਤੱਕ ਹੋ ਜਾਵੇਗਾ।
ਸਮਾਗਮ ਉਪਰੰਤ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾਂ ਨਾਲ ਮੁਲਕ ਦੇ ਹਰ ਘਰ ਨੂੰ ਫਾਇਦਾ ਹੋਵੇਗਾ ਅਤੇ ਇਸ ਤਹਿਤ ਪਰਿਵਾਰ ਦੇ ਹਰ ਮੈਂਬਰ ਦਾ ਬੀਮਾਂ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜ੍ਹਾਅ ਵਿੱਚ ਜਨ-ਧਨ ਯੋਜਨਾਂ ਅਧੀਨ ਪਰਿਵਾਰ ਦਾ ਇੱਕ ਖਾਤਾ ਇਸ ਸਕੀਮ ਨਾਲ ਜੋੜਿਆ ਜਾ ਰਿਹਾ ਹੈ ਜਦੋਂਕਿ ਅਗਲੇ ਪੜ੍ਹਾਅ ਵਿੱਚ ਪਰਿਵਾਰ ਦੇ ਸਾਰੇ ਯੋਗ ਮੈਂਬਰਾਂ ਨੂੰ ਸਕੀਮ ਨਾਲ ਜੋੜਿਆ ਜਾਵੇਗਾ। ਫੂਡ ਪ੍ਰਾਸੈਸਿੰਗ ਮੰਤਰੀ ਵੱਲੋਂ ਇਸ ਮੌਕੇ ਈ.ਪੀ.ਐਫ ਪੈਨਸ਼ਨ ਧਾਰਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਨੂੰ ਕੈਬਨਿਟ ਮੰਤਰੀ ਪੰਜਾਬ ਸ੍ਰੀ ਭਗਤ ਚੂਨੀ ਲਾਲ ਵੱਲੋਂ ਵੀ ਸੰਬੋਧਨ ਕੀਤਾ ਗਿਆ। ਸਮਾਗਮ ‘ਚ ਮੁਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਸ੍ਰੀ ਅਵਿਨਾਸ਼ ਚੰਦਰ, ਉਪ-ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ, ਕਮਿਸ਼ਨਰ ਜਲੰਧਰ ਡਿਵੀਜ਼ਨ ਸ੍ਰੀ ਆਰ.ਵੈਂਕਟਰਤਨਮ ,ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲੀਸ ਕਮਿਸ਼ਨਰ ਸ੍ਰੀ ਯੁਰੇਂਦਰ ਸਿੰਘ ਹੇਅਰ, ਜ਼ਿਲ੍ਹਾ ਪੁਲੀਸ ਮੁੱਖੀ (ਦਿਹਾਤੀ) ਸ੍ਰੀ ਨਰਿੰਦਰ ਭਾਰਗਵ, ਪੀ.ਐਫ ਕਮਿਸ਼ਨਰ (ਪੰਜਾਬ) ਸ੍ਰੀ ਐਮ.ਐਸ.ਕਾਲੀਆ, ਪੀ.ਐਫ ਕਮਿਸ਼ਨਰ (ਜਲੰਧਰ ) ਸ੍ਰੀ ਧੀਰਜ ਗੁਪਤਾ, ਡਾ. ਬੀ.ਆਰ.ਅੰਬੇਦਕਰ ਐਨ.ਆਈ.ਟੀ ਦੇ ਰਜਿਸਟਰਾਰ ਡਾ. ਐਸ.ਜੇ.ਐਸ.ਬੇਦੀ, ਈ.ਪੀ.ਐਫ ਜਥੇਬੰਦੀਆਂ ਪ੍ਰਤੀਨਿਧਾਂ ਵਿੱਚੋਂ ਸ੍ਰੀ ਬਦੀਸ਼ ਜਿੰਦਲ, ਸ੍ਰੀ ਕਰਤਾਰ ਸਿੰਘ ਰਾਠੌਰ ਵੀ ਹਾਜ਼ਰ ਸਨ।