Monday, August 24, 2026

ਪੁਰਾਤਨ ਸਮੇਂ

Agro Farmਛੱਲੀਆਂ ਨੂੰ ਸੀ ਭੁੰਨ ਭੁੰਨ ਖਾਂਦੇ
ਘਿਉ ਵਿੱਚ ਚੂਰੀ ਗੁੰਨ੍ਹ ਗੁੰਨ੍ਹ ਖਾਂਦੇ।
ਹਾਰੇ ਦੇ ਵਿੱਚ ਕੜ੍ਹਿਆ ਦੁੱਧ ਜੋ, ਚਿੱਘੀ ਲਾ ਕੇ ਪੀ ਜਾਂਦੇ
ਕਦੇ ਥਕੇਵਾਂ ਹੁੰਦਾ ਨਹੀਂ ਸੀ, ਓਦੋਂ ਤੁਰ ਕੇ ਪੈਦਲ ਸੀ ਜਾਂਦੇ।

ਨਹਿਰਾਂ ਦੇ ਵਿੱਚ ਤਾਰੀ ਲਾ ਕੇ, ਨਹਾਉਂਦਿਆਂ ਕਸਰਤ ਹੋ ਜਾਂਦੀ
ਘੋਲ ਨੂੰ ਘੁਲਦਿਆਂ ਰਗੜੇ ਲਾ ਲਾ, ਸੁੱਧ ਬੁੱਧ ਸਾਡੀ ਖੋ ਜਾਂਦੀ।
ਇੱਕ ਦੂਜੇ ਨੂੰ ਬੜਾ ਛੇੜਦੇ, ਪੱਟਾਂ ‘ਤੇ ਥਾਪੀ ਸੀ ਲਾਂਦੇ
ਕਦੇ ਥਕੇਵਾਂ………

ਦੇਸੀ ਖਾਦ ਦੇ ਗੱਡੇ ਭਰ ਭਰ, ਖੇਤਾਂ ਦੇ ਵਿਚ ਲਾਹੁੰਦੇ ਸੀ
ਭੱਜੇ ਜਾਣਾ ਖੇਤਾਂ ਤਾਈਂ ਬੜੇ ਨਜ਼ਾਰੇ ਆਉਂਦੇ ਸੀ।
ਟਿੰਡਾਂ ਵਾਲੇ ਖੂਹ ਜੋੜ ਕੇ, ਪਾਣੀਂ ਖੇਤਾਂ ‘ਚ ਸੀ ਲਾਂਦੇ
ਕਦੇ ਥਕੇਵਾਂ………

ਵਾਤਾਵਰਣ ਸੀ ਸ਼ੁੱਧ ਚੁਫੇਰੇ, ਮਨ ਹਰਿਆਲੀ ਮੋਂਹਦੀ ਸੀ
ਨਾ ਕੋਈ ਸ਼ੋਰ ਸ਼ਰਾਬਾ ਹੋਣਾ ਖਿੱਚ ਕਾਲਜੇ ਪਾਉਂਦੀ ਸੀ।
ਕਚਨਾਰ ਜਿਹੀਆਂ ਸੀ ਫਸਲਾਂ ਹੁੰਦੀਆਂ, ਖੇਤੀਂ ਜਾ ਜੀਅ ਸੀ ਲਾਂਦੇ
ਕਦੇ ਥਕੇਵਾਂ………

ਮੂਲੀਆਂ ਗੋਂਗਲੂ ਵੱਟਾਂ ਉਤੇ, ਚੂੰਡੀ ਦੇ ਨਾਲ ਲਾਉਂਦੇ ਸੀ
ਘਰ ਦੀ ਸਬਜ਼ੀ ਸਾਗ ਸਰੋਂ ਦਾ, ਗੰਨੇ ਬੜੇ ਉਗਾਉਂਦੇ ਸੀ।
ਵੱਖਰੀ ਇੱਕ ਕਿਆਰੀ ਦੇ ਵਿੱਚ, ਧਨੀਆਂ ਪੂਦਨਾ ਸੀ ਲਾਂਦੇ
ਕਦੇ ਥਕੇਵਾਂ………

ਅੱਜਕਲ੍ਹ ਦੇ ਹਾਲਾਤਾਂ ਦੇ ਨਾਲ, ਓਹਦੀ ਤੁਲਨਾ ਕੀ ਕਰੀਏ
ਜ਼ਹਿਰੀ ਖੇਤੀ ਜ਼ਹਿਰੀ ਪਾਣੀ ਜ਼ਹਿਰੀ ਹਵਾ ਦਾ ਕੀ ਕਰੀਏ।
ਦੱਦਾਹੂਰੀਏ ਵਿੱਚ ਮਜਬੂਰੀ, ਸਬਰਾਂ ਦੇ ਘੁੱਟ ਪੀ ਜਾਂਦੇ
ਕਦੇ ਥਕੇਵਾਂ………

Jasveer Dadahoor

 

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 95691 49556

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply