ਜਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ।ਜਦੋਂ ਮਨੁੱਖ ਧਰਤੀ ਤੇ ਜਨਮ ਲੈਂਦਾ ਹੈ ਸੰਘਰਸ਼ ਨਾਲ ਹੀ ਸ਼ੁਰੂ ਹੋ ਜਾਂਦਾ ਹੈ।ਉਹ ਆਪਣੀ ਜਿੰਦਗੀ ਵਿੱਚ ਪਛਾਣ ਬਣਾਉਣ ਲਈ ਅਤਿਅੰਤ ਮਿਹਨਤ ਕਰਦਾ ਹੈ।ਮੁਸ਼ਕਿਲਾਂ ਵੀ ਉਸੇ ਲਈ ਹੁੰਦੀਆਂ ਹਨ, ਜਿਸ ਨੇ ਆਪਣੇ ਜੀਵਨ ਵਿੱਚ ਵਿਲੱਖਣ ਪਛਾਣ ਬਣਾਉਣੀ ਹੁੰਦੀ ਹੈ।ਰੱਬ ਦਾ ਦਿੱਤਾ ਖਾਣ ਵਾਲੇ ਅਤੇ ਕਿਸਮਤ ਨੂੰ ਕੋਸਣ ਵਾਲੇ ਲਈ ਕੋਈ ਸੰਘਰਸ਼ਮਈ ਜੀਵਨ ਬਣਿਆ ਨਹੀਂ ਹੈ।ਸੰਤ ਕਬੀਰ ਜੀ ਨੇ ਵੀ ਆਪਣੀ ਬਾਣੀ ਅੰਦਰ ਕਿਹਾ ਹੈ:-
“ਕਬੀਰਾ ਜਬ ਹਮ ਆਏ ਏਸ ਜਗਤ ਮੇ, ਜਗ ਹਸੇ ਹਮ ਰੋਏ।ਐਸੀ ਕਰਨੀ ਕਰ ਚਲੋ ਹਮ ਹਸੇਂ ਜਗ ਰੋਏ”।
ਕਿ ਹੇ ਮਨੁੱਖ ਜਦੋਂ ਤੂੰ ਸੰਸਾਰ ਵਿੱਚ ਆਇਆ ਤੂੰ ਰੋਇਆ ਤੇ ਸੰਸਾਰ ਦੇ ਲੋਕ ਤੇਰੇ ਤੇ ਹੱਸੇ।ਪਰ ਤੂੰ ਆਪਣੇ ਜੀਵਨ ਵਿੱਚ ਐਸਾ ਕੰਮ ਕਰਕੇ ਜਾਵੀਂ ਕਿ ਤੂੰ ਆਪਣੇ ਜੀਵਨ ਦੀ ਸਫਲਤਾ ਵੇਖ ਕੇ ਸੰਸਾਰ ਤੋਂ ਜਾਣ ਵੇਲੇ ਹੱਸੇਂ ਤੇ ਜੱਗ ਇਹ ਯਾਦ ਕਰਕੇ ਰੋਵੇ ਕਿ ਏਸ ਤੋਂ ਵਧੀਆਂ ਬੰਦਾ ਹੋ ਹੀ ਨਹੀਂ ਸਕਦਾ ਸੀ।ਜਿਸ ਨੇ ਜਿੰਦਗੀ ਦੇ ਮਾਇਨੇੇ ਹੀ ਬਦਲ ਦਿੱਤੇ।
ਸੰਘਰਸ਼ ਅਤੇ ਮਿਹਨਤ ਤੋਂ ਬਿਨ੍ਹਾਂ ਜੀਵਨ ਜਿਵੇਂ ਦਾ ਤਿਵੇਂ ਹੀ ਚਲਦਾ ਹੈ।ਰੋਟੀ ਪਾਣੀ ਮਿਲਦਾ ਹੈ ਤੇ ਏਵੇਂ ਲੱਗਦਾ ਹੈ ਕਿ ਬੰਦਾ ਖਾਣ ਲਈ ਹੀ ਜੀ ਰਿਹਾ ਹੈ, ਪਰ ਅਸਲ ਵਿੱਚ ਇਹ ਜਿੰਦਗੀ ਨਹੀਂ ਹੈ।ਇਨਸਾਨ ਉਹੀ ਹੈ ਜੋ ਜਿੰਦਗੀ ਦੀ ਜੰਗ ਲੜਦਾ ਹੈ ਤੇ ਕੁੱਝ ਵੱਖਰਾ ਕਰਕੇ ਦਿਖਾਉਂਦਾ ਹੈ।ਨਹੀਂ ਤਾਂ ਜੀਵਨ ਪਸ਼ੂਆਂ ਦੀ ਤਰ੍ਹਾਂ ਹੀ ਹੈ।ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਹਨ।ਜੇ ਹਾਰ ਹੁੰਦੀ ਹੈ ਤਾਂ ਜਿੱਤ ਵੀ ਯਕੀਨਨ ਹੈ।ਪਰ ਜਿੰਦਗੀ ਚ` ਹਾਰ ਕੇ ਬੈਠਣ ਵਾਲੇ ਦਾ ਜੀਵਨ ਨਰਕ ਸਮਾਨ ਬਣ ਜਾਂਦਾ ਹੈ।ਸਧਾਰਣ ਤੇ ਸੰਘਰਸ਼ਮਈ ਲੋਕਾਂ ਦੇ ਜੀਵਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।ਸਧਾਰਣ ਆਦਮੀ ਪੈਸਾ ਕਮਾਉਣ, ਪਰ ਮਿਹਨਤ ਕਰਨ ਵਾਲੇ ਕੁੱਝ ਨਿਵੇਕਲਾ ਕਰ ਦਿਖਾਉਣ ‘ਚ ਰੁੱਝੇ ਰਹਿੰਦੇ ਹਨ।ਸਧਾਰਣ ਆਦਮੀ ਘੜੀ ਵੇਖ ਕੇ ਕੰਮ ਕਰਦੇ ਹਨ।ਪਰ ਮਿਹਨਤੀ ਕੰਮ ਕਰਕੇ ਘੜੀ ਵੇਖਦੇ ਹਨ।ਉਹ ਅਤੀਤ ਨੂੰ ਯਾਦ ਨਹੀਂ ਕਰਦੇ, ਸਗੋਂ ਵਰਤਮਾਨ ਸਮੇਂ ਤੋਂ ਲਾਭ ਉਠਾੳਂਦੇ ਹਨ।ਉਹ ਦਿਨ ਦੂਰ ਨਹੀਂ ਜਦੋਂ ਮਿਹਨਤੀ ਲੋਕਾਂ ਦੇ ਦਸਤਖ਼ਤ ਵੀ ਆਟੋਗ੍ਰਾਫ ਬਣ ਜਾਂਦੇ ਹਨ।
ਜੀਵਨ ਵਿੱਚ ਜੋ ਜਿੱਤਾਂ ਸੋਖੀਆਂ ਹੁੰਦੀਆਂ ਹਨ।ਉਹਨਾਂ ਦਾ ਕਦੇ ਮਾਣ ਸਤਿਕਾਰ ਨਹੀਂ ਹੁੰਦਾ।ਸਤਿਕਾਰੇ ਉਹੀ ਲੋਕ ਜਾਂਦੇ ਹਨ, ਜਿਨ੍ਹਾਂ ਨੇ ਦੁਨੀਆਂ ਦੇ ਡਰ ਛੱਡ ਕੇ ਕੁੱਝ ਵੱਖਰਾ ਕੀਤਾ ਹੁੰਦਾ ਹੈ।ਇਹ ਵੀ ਸਿਦਕ ਤੋਂ ਬਿਨ੍ਹਾਂ ਸੰਭਵ ਨਹੀਂ ਹੁੰਦਾ।ਕਈ ਲੋਕ ਕੰਮ ਬੜੇ ਜ਼ੋਸ਼ ਨਾਲ ਸ਼ੁਰੂ ਕਰਦੇ ਹਨ, ਪਰ ਅੱਧਵਾਟੇ ਹੀ ਹਿੰਮਤ ਹਾਰ ਜਾਂਦੇ ਹਨ।ਸਿਰੜ ਨਾਲ ਮਿਹਨਤ ਕਰਨ ਨਾਲ ਲੋਹਾਰ ਦੀ ਵਰਕਸ਼ਾਪ ਕਾਰ ਦਾ ਕਾਰਖ਼ਾਨਾ ਬਣ ਸਕਦੀ ਹੈ।ਖੋਖੇ ਵਾਲੇ ਦੀ ਦੁਕਾਨ ਬਣ ਸਕਦੀ ਹੈ।ਰੇੜੀ ਤੋਂ ਟਰੱਕ ਬਣ ਸਕਦਾ ਹੈ।ਅਖੀਰ ਇਹ ਦੁਨੀਆਂ ਉਹਨਾਂ ਨੂੰ ਹੀ ਮੰਨਦੀ ਹੈ ਜਿਹੜੇ ਜਿੰਦਗੀ ਦੀਆਂ ਔਕੜਾ ਚੋ` ਲ਼ੰਘ ਕੇ ਮੰਜ਼ਿਲਾਂ ‘ਤੇ ਪਹੁੰਚਦੇ ਹਨ।
ਤੰਗ ਨਜ਼ਰ ਨਾਲ ਵਿਸ਼ਾਲ ਨਜ਼ਾਰੇ ਨਹੀਂ ਮਾਣੇ ਜਾ ਸਕਦੇ।ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆਂ ਖੰਡਰ ਵੀ ਰੌਣਕ ਬਣ ਜਾਂਦੇ ਹਨ।ਇਹ ਸੋਚਣਾ ਕਿ ਸਾਡੇ ਬਾਰੇ ਦੁਨੀਆਂ ਕੀ ਸੋਚਦੀ ਹੋਵੇਗੀ।ਸਾਡੀ ਹੀ ਕਮਜ਼ੋਰੀ ਹੈ।ਜਿੰਦਗੀ ਚ` ਹਾਂ ਪੱਖੀ ਸੋਚ ਹੀ ਸਾਡੀ ਯੋਗਤਾ ਵਧਾਉਂਦੀ ਹੈ।ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜੇ ਕਾਲੀ ਬਿੱਲੀ ਰਾਹ ਕੱਟ ਜਾਵੇ ਤਾਂ ਨੁਕਸਾਨ ਹੁੰਦਾ ਹੈ।ਪਰ ਕੀ ਨੁਕਸਾਨ ਹੁੰਦਾ ਹੈ? ਨਿਰਭਰ ਕਰਦਾ ਹੈ ਕਿ ਬਿੱਲੀ ਦਿਸਦੀ ਕਿਸ ਨੂੰ ਹੈ।ਚੂਹੇ ਨੂੰ ਜਾਂ ਕੁੱਤੇ ਨੂੰ।ਬਹੁਤੇ ਲੋਕ ਆਪ ਸੋਹਣਾ ਬਣਨਾ ਚਾਹੁੰਦੇ ਹਨ, ਪਰ ਕਲਾਕਾਰ ਅਤੇ ਮਿਹਨਤੀ ਉਹ ਹੁੰਦਾ ਹੈ ਜਿਸਦੇ ਵਿੱਚ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੋਹਣਾ ਬਣਾਉਣ ਦਾ ਹੁਨਰ ਹੋਵੇ।ਰਾਹ ਤੁਰਨ ਨਾਲ ਬਣਦੇ ਹਨ ਅਤੇ ਕਲਾ ਯਤਨ ਨਾਲ ਨਿੱਖਰਦੀ ਹੈ।
ਜਿਉਣ ਨੂੰ ਤਾਂ ਹਰ ਕੋਈ ਜੀ ਹੀ ਰਿਹਾ ਹੈ, ਪਰ ਸਲੀਕੇ ਅਤੇ ਹੁਨਰ ਨਾਲ ਜਿਊਣਾ ਸੰਘਰਸ਼ ਦੀ ਮੰਗ ਕਰਦਾ ਹੈ।ਬੱਚਿਆਂ ਨੂੰ ਜ਼ਿੰਦਗੀ ਦੀਆਂ ਜਿੰਮੇਵਾਰੀਆਂ ਦੇ ਯੋਗ ਬਣਾ ਕੇ ਮਜ਼ਬੂਤ ਜੀਵਨ ਜਿਊਣ ਦੀ ਤਾਂਘ ਸਿਖਾਉਣੀ ਚਾਹੀਦੀ ਹੈ।ਉਹਨਾਂ ਵਿੱਚ ਜਿੱਤ ਦਾ ਭਰੋਸਾ ਸਿਰਜਣ ਲਈ ਇਹ ਦੱਸਣਾ ਜਰੂਰੀ ਹੈ ਕਿ ਖੇਡ ਵਿੱਚ ਜਿੱਤਣਾ ਮਹੱਤਵਪੂਰਨ ਨਹੀਂ, ਜਿੰਨਾਂ ਕਿ ਪੂਰਾ ਤਾਣ ਲਾ ਕੇ ਜਿੱਤ ਦੀ ਭਾਵਨਾ ਨਾਲ ਖੇਡਣਾ ਹੈ।ਕਹਿੰਦੇ ਹਨ ਕਿ ਜੇਕਰ ਪਿਤਾ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਕੁੱਝ ਨਾ ਹੋਵੇ ਤਾਂ ਉਸ ਨੂੰ ਘੱਟੋ-ਘੱਟ ਆਪਣੀ ਔਲਾਦ ਨੂੰ ਹਂੋਸਲਾ ਅਤੇ ਹੱਲਾਸ਼ੇਰੀ ਤਾਂ ਦੇਣੀ ਚਾਹੀਦੀ ਹੈ।ਜਿਸ ਨਾਲ ਉਹ ਆਪਣੀ ਜਿੰਦਗੀ ਦੇ ਸੰਘਰਸ਼ ਦੀ ਜੰਗ ਲੜਕੇ ਸਫਲਤਾ ਪ੍ਰਾਪਤ ਕਰ ਸਕਣ।ਜੀਵਨ ਦਾ ਉਦੇਸ਼ ਮਿੱਥ ਕੇ ਬੜੇ ਸਿਰੜ, ਸਿਦਕ ਤੇ ਦ੍ਰਿੜ ਇਰਾਦੇ ਨਾਲ ਅਸਫਲਤਾ ਨੂੰ ਪਛਾੜ ਕੇ ਹੀ ਜੀਵਨ ਦੀ ਮੂਹਰਲੀ ਕਤਾਰ ਵਿੱਚ ਖਲੋਇਆ ਜਾ ਸਕਦਾ ਹੈ।
ਇਹ ਠੀਕ ਹੈ ਕਿ ਗਲਤੀਆਂ ਤੋਂ ਬਚਣ ਲਈ ਤਜ਼ਰਬੇ ਦੀ ਲੋੜ ਹੁੰਦੀ ਹੈ, ਪਰ ਤਜ਼ਰਬਾ ਗਲਤੀਆਂ ਤੋਂ ਹੀ ਪ੍ਰਾਪਤ ਹੁੰਦਾ ਹੈ।ਵਿਦਿਆਰਥੀ ਨਲਾਇਕ ਨਹੀਂ ਹੁੰਦੇ।ਜਿਨ੍ਹਾਂ ਦੀ ਯੋਗਤਾ ਜਗਾ ਦਿੱਤੀ ਜਾਂਦੀ ਹੈ, ਉਹ ਲਾਇਕ ਬਣ ਜਾਂਦੇ ਹਨ ਅਤੇ ਬਾਕੀਆਂ ਨੂੰ ਨਲਾਇਕ ਕਹਿ ਦਿੱਤਾ ਜਾਂਦਾ ਹੈ।ਜੋ ਆਸ਼ਾਵਾਦੀ ਹੈ।ਉਹ ਹਨੇਰੇ ਵਿੱਚੋਂ ਵੀ ਵੇਖ ਲੈਂਦਾ ਹੈ, ਪਰ ਨਿਰਾਸ਼ਾਵਾਦੀ ਜਗਦੇ ਦੀਵੇ ਨੂੰ ਵੀ ਫੂਕ ਮਾਰ ਕੇ ਬੁਝਾ ਦਿੰਦਾ ਹੈ।
ਜਿੰਦਗੀ ਵਿੱਚ ਕਈ ਨਵੇਂ ਸਾਲ ਚੜ੍ਹੇ ਕੋਈ ਸੂਰਜ, ਧਰਤੀ, ਚੰਦ, ਤਾਰੇ ਜਾਂ ਸ਼੍ਰਿਸਟੀ ਨਹੀਂ ਬਦਲੀ।ਸਾਲ ਦੀ ਆਖਰੀ ਰਾਤ ਨੂੰ ਜਿਵੇਂ ਸੌਂਦੇ ਹਾਂ।ਉਵੇਂ ਪਹਿਲਾ ਵਾਂਗ ਹੀ ਉਠ ਖਲੋਂਦੇ ਹਾਂ।ਬਸ ਆਪਣੇ ਨਜ਼ਦੀਕੀਆਂ ਨੂੰ ਇਹੀ ਕਹਿੰਦੇ ਹਾਂ ਕਿ ਨਵਾਂ ਸਾਲ ਮੁਬਾਰਕ ਹੋਵੇ।ਇੱਕ ਅੱਧੇ ਦਿਨ ਵਿੱਚ ਮੁਬਾਰਕਾਂ ਦਾ ਮਹੌਲ ਖਤਮ ਹੋ ਜਾਂਦਾ ਹੈ ਤੇ ਫਿਰ ਜਿੰਦਗੀ ਪੁਰਾਣੇ ਦਿਨਾਂ ਦੀ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ।ਸਾਨੂੰ ਆਪਣੀ ਜਿੰਦਗੀ ਵਿੱਚ ਮਿਹਨਤ ਅਤੇ ਸੰਘਰਸ਼ ਕਰਕੇ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਇਨਸਾਨ ਜੋ ਚਾਹੇ ਉਹ ਕਰ ਸਕਦਾ ਹੈ।ਸਾਨੂੰ ਘੱਟ ਤੋਂ ਘੱਟ ਕਿਸੇ ਦਾ ਹੌਸਲਾ ਤੋੜਨ ਦੀ ਬਜ਼ਾਏ ਜੇਕਰ ਅਸੀਂ ਉਸ ਦੀ ਪੈਸੇ ਦੇ ਰੂਪ ਵਿੱਚ ਮਦਦ ਨਹੀਂ ਕਰ ਸਕਦੇ ਤਾਂ ਉਹਨੂੰ ਹੱਲਾਸ਼ੇਰੀ ਦੇ ਕੇ ਜਿੰਦਗੀ ਦੀ ਜੰਗ ਜਿੱਤਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਬਦਲਾਅ ਤੇ ਆਸ ਜੀਵਨ ਦਾ ਆਧਾਰ ਹਨ।ਕਾਮਨਾ ਕਰਦੇ ਹਾਂ ਕਿ ਨਵਾਂ ਵਰ੍ਹਾ ਹਰੇਕ ਲਈ ਸੁਖਦ ਭਰਿਆ ਹੋਵੇ।ਧਰਮ, ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਦਿਲਾਂ ਚੋਂ ਖਤਮ ਹੋਵਣ।ਹਰੇਕ ਦੀ ਮਿਹਨਤ ਅਤੇ ਸੰਘਰਸ਼ ਨੂੰ ਬੂਰ ਪਵੇ।ਹਰ ਇੱਕ ਆਪਣੀ ਮਿੱਥੀ ਹੋਈ ਮੰਜਿਲ ‘ਤੇ ਪਹੁੰਚੇ।ਜਿੰਦਗੀ ਵਿੱਚ ਔਕੜ ਬਣ ਕੇ ਉਗੇ ਹੋਏ ਕੰਡਿਆਂ ਦੇ ਮੂੰਹ ਮੁੜ ਕੇ ਐਸੇ ਰਾਹ ਬਣਨ ਕਿ ਨਵੇਂ ਸਾਲ ਦਾ ਹਰ ਦਿਨ ਮੁਬਾਰਕਵਾਦ ਹੋਵੇ।
ਸ਼ਿਨਾਗ ਸਿੰਘ ਸੰਧੂ-ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐਲੀ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816 93300