ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਦੇ ਵਿਦਿਆਰਥੀਆਂ ਵੱਲੋਂ ਪ੍ਰਸਿੱਧ ਨਾਟਕਕਾਰ ਅਜਮੇਰ ਔਲ਼ਖ ਦੁਆਰਾ ਲ਼ਿਖੇ ਹੋਏ ਚਰਚਿਤ ਨਾਟਕ `ਅਰਬਦ ਨਰਬਦ ਧੁੰਧੂਕਾਰਾ` (ਇਸ਼ਕ ਹੈ) ਦਾ ਸਫਲ ਮੰਚਨ ਕਰਕੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਭਾਰੀ ਗਿਣਤੀ ਵਿਚ ਹਾਜਰ ਸਰੋਤਿਆਂ ਦਾ ਠੰਡ ਦੇ ਬਾਵਜੂਦ ਖੂਬ ਮਨੋਰੰਜਨ ਵੀ ਕੀਤਾ।ਖਾਲਸਾ ਵਿਰਾਸਤੀ ਕੇਂਦਰ ਵਿਚ ਸਥਿਤ ਬੋਹੜ ਦੇ ਥੜ੍ਹੇ ਨੂੰ ਨਾਟਕ ਦੀਆਂ ਲੋੜਾਂ ਅਨੁਸਾਰ ਢਾਲ ਕੇ ਵੀ ਵਿਦਿਆਰਥੀ ਕਲਾਕਾਰਾਂ ਵੱਲੋਂ ਇਕ ਯਾਦਗਾਰੀ ਇਤਿਹਾਸ ਸਿਰਜ਼ ਦਿੱਤਾ ਜਿਸ ਨੂੰ ਵਿਦਿਆਰਥੀ ਤਾਂ ਉਮਰ ਤਕ ਯਾਦ ਰੱਖਣਗੇ।ਇਸ ਨਾਟਕ ਦਾ ਨਿਰਦੇਸ਼ਨ ਨੌਜੁਆਨ ਨਿਰਦੇਸ਼ਕ ਇਮੈਨੂਅਲ ਸਿੰਘ ਨੇ ਕਰਕੇ ਜਿਥੇ ਨਾਟਕ ਨੂੰ ਦਿਲਚਸਪ ਰੰਗਤ ਦਿੱਤੀ ਉਥੇ ਵਿਦਿਆਰਥੀਆਂ ਦੀ ਕਲਾ ਪ੍ਰਤਿਭਾ ਵੀ ਨਿੱਖਰ ਦੇ ਸਾਹਮਣੇ ਆਈ।ਇਸ ਨਾਟਕ ਮੁੱਖ ਮੁੱਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਸੀ।
ਵੱਖ-ਵੱਖ ਕਿੱਸਿਆਂ ਦੇ ਨਾਇਕ ਅਤੇ ਨਾਇਕਾਵਾਂ ਨੂੰ ਇਕੋ ਮੰਚ `ਤੇ ਲਿਆ ਕੇ ਯਥਾਰਥ ਨਾਲ ਜੋੜ ਕੇ ਅਜਿਹੇ ਤਰੀਕੇ ਨਾਲ ਪੇਸ਼ ਕੀਤਾ ਗਿਆ ਨਾਟਕ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਤੋਂ ਜਾਗਰੂਕ ਹੋਣ ਦਾ ਸੰਦੇਸ਼ ਦੇ ਗਿਆ। ਇਕ ਘੰਟੇ ਦੇ ਸਮੇਂ ਵਾਲੇ ਨਾਟਕ ਨੇ ਦਰਸ਼ਕਾਂ ਨੂੰ ਠੰਡ ਦੇ ਬਾਵਜੂਦ ਨਿੱਘ ਦਾ ਅਜਿਹਾ ਅਹਿਸਾਸ ਦਿੱਤਾ ਕਿ ਦਰਸ਼ਕ ਭੁੱਲ ਹੀ ਗਏ ਕਿ ਉਹ ਖੁੱਲ੍ਹੇ ਅਕਾਸ਼ ਹੇਠ ਬੈਠ ਕੇ ਬੋਹੜ ਦੇ ਥੱਲੇ ਕਿਸੇ ਨਾਟਕ ਦਾ ਆਨੰਦ ਮਾਣ ਰਹੇ ਹਨ।ਵਿਦਿਆਰਥੀਆਂ ਅਤੇ ਹੋਰ ਦਰਸ਼ਕਾਂ ਵੱਲੋਂ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਦੀ ਇਸ ਪੇਸ਼ਕਾਰੀ ਦੀ ਸ਼ਲਾਘਾ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਭਵਿੱਖ ਵਿਚ ਵੀ ਜਾਰੀ ਰੱਖਣ ਦੇ ਲਈ ਖੁੱਲ੍ਹੇ ਦਿਲ ਨਾਲ ਮਾਇਕ ਸਹਾਇਤਾ ਵੀ ਮੌਕੇ `ਤੇ ਦਿੱਤੀ ਜਿਸ ਨਾਲ ਕਲਾਕਾਰਾਂ ਦਾ ਹੋਰ ਵੀ ਉਤਸਾਹ ਵੱਧ ਗਿਆ।
ਨਿਰਦੇਸ਼ਕ ਇਮੈਨੂਅਲ ਸਿੰਘ ਨੇ ਦੱਸਿਆ ਕਿ ਨਾਟਕ ਨੂੰ ਖਾਲਸਾ ਵਿਰਾਸਤੀ ਕੇਂਦਰ ਦੇ ਇਸ ਸਥਾਨ ਦੀ ਚੋਣ ਵੀ ਵਿਦਿਆਰਥੀਆਂ ਨੇ ਕੀਤੀ ਹੈ ਅਤੇ ਇਸ ਅਣਗੌਲੀ ਜਗ੍ਹਾ ਨੂੰ ਨਾਟਕ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੇ ਹੀ ਮਿਹਨਤ ਨਾਲ ਰੂਪ ਦਿੱਤਾ ਹੈ ਜੋ ਅੱਜ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਵਿਚ ਛੁਪੀ ਕਲਾ ਨੂੰ ਉਨ੍ਹਾਂ ਨੇ ਸਿਰਫ ਬਾਹਰ ਕੱਢਣ ਦੀ ਹੀ ਉਪਰਾਲਾ ਕੀਤਾ ਜਦਕਿ ਉਨ੍ਹਾਂ ਵਿਚ ਕਲਾਕਾਰ ਬਣਨ ਦੀਆਂ ਪੂਰੀਆਂ ਸੰਭਾਵਨਾਵਾ ਹਨ।ਨਾਟਕ ਦੇ ਅਖੀਰ `ਤੇ ਉਨ੍ਹਾਂ ਨੇ ਕਲਾਕਾਰਾਂ ਦੇ ਨਾਲ ਜਾਣ ਪਛਾਣ ਵੀ ਕਰਵਾਈ ਅਤੇ ਅਗਲੇ ਪੇਸ਼ ਕੀਤੇ ਜਾਣ ਵਾਲੇ `ਏਕ ਹਸੀਨਾ ਪਾਂਚ ਦੀਵਾਨੇ` ਤੋਂ ਵੀ ਜਾਣੂ ਕਰਵਾਇਆ।
ਇਸ ਤੋਂ ਪਹਿਲਾਂ ਵਿਦਿਆਰਥੀ ਗਤੀਵਿਧੀਆਂ ਕਲੱਬ ਦੇ ਕਨਵੀਨਰ ਹਰਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ `ਤੇ ਪੁੱਜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਜੋ ਵੀ ਵਿਦਿਆਰਥੀਆਂ ਵੱਲੋਂ ਕਲਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਦਾ ਉਤਸ਼ਾਹ ਉਨ੍ਹਾਂ ਵੱਲੋਂ ਹੀ ਦਿੱਤਾ ਗਿਆ ਹੈ।ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਡਰਾਮਾ ਕਲੱਬ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਵਾਈਸ ਚਾਂਸਲਰ ਦਾ ਉਚੇਚੇ ਤੌਰ `ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦੀ ਹੀ ਡਰਾਮਾ ਕਲੱਬ ਵੱਲੋਂ ਇਕ ਹੋਰ ਪੇਸ਼ਕਾਰੀ ਕੀਤੀ ਜਾਵੇਗੀ।
ਉਨ੍ਹਾਂ ਦੇ ਨਾਲ ਵਿਦਿਆਰਥੀ ਗਤੀਵਿਧੀ ਕਲੱਬ ਦੇ ਇੰਚਾਰਜ ਡਾ. ਗੀਤਾ ਹੁੰਦਲ, ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਸ਼ਰਮਾ, ਗੋ ਗਰੀਨ ਕਲੱਬ ਦੇ ਇੰਚਾਰਜ ਡਾ. ਤੇਜਵੰਤ ਸਿੰਘ ਕੰਗ, ਕੈਂਪਸ ਸਪੋਰਟਸ ਇੰਚਾਰਜ ਡਾ. ਅਮਨਦੀਪ ਸਿੰਘ, ਬਾਗਵਾਨੀ ਸਲਾਹਕਾਰ, ਡਾ. ਜੇ.ਐਸ ਬਿਲਗਾ, ਡਾ. ਜਤਿੰਦਰ ਕੌਰ, ਡਾ. ਸ਼ਾਲਿਨੀ, ਡਾ. ਮਨਜਿੰਦਰ ਕੌਰ, ਡਾਇਰੈਕਟਰ ਲੋਕ ਸੰਪਰਕ ਵਿਭਾਗ ਪ੍ਰਵੀਨ ਪੁਰੀ, ਪੀ.ਸੀ.ਐਸ ਅਧਿਕਾਰੀ ਸੁਪਨੰਦਨ ਕੌਰ, ਹਰਜੋਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਕੈਂਪਸ ਨਿਵਾਸੀ ਮੌਜੂਦ ਸਨ।
ਇਸ ਨਾਟਕ ਵਿਚ ਜਿਨ੍ਹਾਂ ਕਲਾਕਾਰਾਂ ਨੇ ਬਾਖੂਬੀ ਅਦਾਕਾਰੀ ਕੀਤੀ ਉਨ੍ਹਾਂ ਵਿਚ ਲਵਪ੍ਰੀਤ ਸਿੰਘ ਨੇ ਮਜਨੂੰ ਦਾ ਰੋਲ ਅਦਾ ਕੀਤਾ ਜਦੋਂਕਿ ਬਚਨਪਾਲ ਸਿੰਘ ਨੇ ਮਿਰਜ਼ਾ, ਅੰਕੂ ਨੇ ਰਾਂਝਾ, ਅਕਸ਼ਦੀਪ ਸਿੰਘ ਨੇ ਇੰਦਰ ਬਾਣੀਆ, ਸੁਖਪ੍ਰੀਤ ਸਿੰਘ ਕਾਲੇ ਚੋਲੇ ਵਾਲਾ, ਜਸਪੀ੍ਰਤ ਸਿੰਘ ਨੇ ਸਹਿਬਾਂ ਦੇ ਭਰਾ, ਬੀਰਦਵਿੰਦਰ ਨੇ ਪੁੰਨੂ, ਭਾਵਨਾ ਸਿੰਗਲਾ ਨੇ ਲੈਲਾ, ਗਗਨਦੀਪ ਕੌਰ ਨੇ ਸੱਸੀ, ਕਰਨਬੀਰ ਸਿੰਘ ਨੇ ਫਰਿਹਾਦ, ਪੀਆ ਨੇ ਬੇਗੋ, ਭਾਰਤੀ ਤੇ ਇਸ਼ਾ ਨੇ ਬੇਗੋ ਦੀਆਂ ਸਹੇਲੀਆਂ, ਨੰਦਿਕਾ ਨੇ ਸਾਹਿਬਾ, ਸੁਦਿਖਸ਼ਾ ਨੇ ਸ਼ੀਰੀ, ਸੁਖਮਨੀ ਨੇ ਹੀਰ, ਨਿਸ਼ਚੈ, ਗੁਰਦੀਪ ਤੇ ਜਸਪ੍ਰੀਤ ਨੇ ਸਾਹਿਬਾਂ ਦੇ ਭਰਾਵਾਂ ਦਾ ਕਿਰਦਾਰ ਬਾਖੂਬੀ ਨਿਭਾਏ ਅਤੇ ਦਰਸ਼ਕਾਂ ਦੀਆਂ ਤਾੜੀਆਂ ਖੂਬ ਲੁੱਟੀਆਂ।ਇਸ ਨਾਟਕ ਵਿਚ ਪਿੱਠਵਰਤੀ ਗਾਇਕੀ ਸੁਮੀਤ ਢਿੱਲੋਂ, ਅਮਨੀਤ ਸਿੰਘ ਅਤੇ ਇਮੈਨੁਅਲ ਸਿੰਘ ਨੇ ਕੀਤੀ।ਵਾਦਨ ਵਿਚ ਸੰਦਰਭ ਅਤੇ ਮੇਕਅੱਪ ਤੇ ਪਹਿਰਾਵਾ ਸਮਰੀਤ ਕੌਰ ਨੇ ਕੀਤਾ।ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਵਿਦਿਆਰਥੀ ਗਤੀਵਿਧੀ ਕਲੱਬ ਦੇ ਕਨਵੀਨਰ ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਨਾਟਕ ਉਪਰੰਤ ਹਾਜ਼ਰ ਦਰਸ਼ਕਾਂ ਨੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਲਈ ਅਤੇ ਭਵਿੱਖ ਵਿਚ ਅਜਿਹੇ ਹੋਰ ਉਪਰਾਲੇ ਕਰਨ ਲਈ ਕਲਾਕਾਰਾਂ ਦੀ ਸਹਾਇਤਾ ਵੀ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …