ਸ਼੍ਰੋਮਣੀ ਅਕਾਲੀ ਦਲ ਹੈ ਕੌਮ ਦੀ ਜਾਇਦਾਦ – ਬਾਦਲ
ਸੰਗਰੂਰ, 2 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਢੀਂਡਸਿਆਂ ਦੇ ਗੜ੍ਹ ਕਹੇ ਜਾਣ ਵਾਲੇ ਜਿਲ੍ਹਾ ਸੰਗਰੂਰ ਦੀ ਅਨਾਜ਼ ਮੰਡੀ ਵਿੱਚ ਰੋਸ ਰੈਲੀ ਕੀਤੀ ਗਈ।ਇਸ ਰੈਲੀ ਵਿੱਚ ਅਕਾਲੀ ਲੀਡਰਸ਼ਿਪ ਵਲੋਂ ਜਿਥੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ ਗਈਆਂ, ਉਥੇ ਹੀ ਢੀਂਡਸਾ ਪਰਿਵਾਰ `ਤੇ ਜੰਮ ਕੇ ਭੜਾਸ ਕੱਢੀ ਗਈ। ਆਗੂਆਂ ਨੇ ਕਿਹਾ ਕਿ ਝੂਠੇ ਵਾਅਦੇ ਅਤੇ ਲਾਰੇਬਾਜ਼ੀਆਂ ਵਿਚ ਨਿਪੁੰਨ ਮੌਜੂਦਾ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ, ਜਿਸ ਦੇ ਚਲਦੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਦੇ ਹਰ ਵਾਅਦੇ ਦਾ ਹਿਸਾਬ ਮੰਗਣ ਲਈ ਆਪਣੀ ਆਵਾਜ਼ ਬੁਲੰਦ ਕਰ ਲਈ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ `ਤੇ ਵਰ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਢੀਂਡਸਾ ਪਰਿਵਾਰ ਬਣਦਾ ਮਾਣ ਸਨਮਾਨ ਦਿੱਤਾ ਗਿਆ ਅਤੇ ਜਦੋਂ ਤੱਕ ਅਹੁਦੇ ਮਿਲ ਰਹੇ ਸਨ ਉਦੋਂ ਪਾਰਟੀ ਠੀਕ ਸੀ।ਪਰ ਜਿਵੇਂ ਹੀ ਪਾਰਟੀ ਨੇ ਅਹੁਦੇ ਦੇਣੇ ਬੰਦ ਕਰ ਦਿੱਤੇ ਪਾਰਟੀ ਮਾੜੀ ਹੋ ਗਈ।ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਿੰਨੇ ਵੀ ਟਕਸਾਲੀ ਹਨ ਸਾਰੇ ਜਆਲੀ ਹਨ।ਉਨ੍ਹਾਂ ਢੀਂਡਸਾ ਪਰਿਵਾਰ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਨੂੰ ਵਰਕਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।ਜਦਕਿ ਅਕਾਲੀ ਦਲ ਨੂੰ ਖੋਖਲਾ ਕਰਨ ਵਾਲੇ ਕਾਂਗਰਸ ਦੇ ਯਾਰ ਹਨ।ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ।ਇਹ ਸੁਖਬੀਰ ਬਾਦਲ ਦੀ ਜਾਇਦਾਦ ਨਹੀਂ ਹੈ, ਕੌਮ ਦੀ ਜਾਇਦਾਦ ਹੈ।ਪਿਛਲੇ ਸਾਲਾਂ ਵਿਚ ਸੰਗਰੂਰ ਵਿਚ ਇੰਨਾ ਵੱਡਾ ਇਕੱਠ ਕਦੇ ਨਹੀਂ ਹੋਇਆ ਜਿੰਨਾ ਅੱਜ ਹੋਇਆ ਹੈ।ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲਿਆਂ ਨੂੰ ਵੀ ਵੰਗਾਰਿਆ।ਉਹਨਾਂ ਕਿਹਾ ਕਿ ਚੋਣ ਭਾਵੇਂ ਕੱਲ ਕਰਵਾ ਲਓ ਤੁਹਾਨੂੰ ਹਾਰ ਹੀ ਮਿਲੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਹੁੰਦੀ ਹੈ ਇਸ `ਤੇ ਬਾਦਲ ਪਰਿਵਾਰ ਦਾ ਕੋਈ ਕਬਜ਼ਾ ਨਹੀਂ ਹੈ।
ਕੈਪਟਨ ਸਰਕਾਰ `ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਬਣੀ 3 ਸਾਲ ਹੋ ਗਏ ਹਨ।ਰੋਜ਼ਾਨਾ ਇਹੀ ਸੁਣਨ ਨੂੰ ਮਿਲਦਾ ਹੈ ਕਿ ਖਜ਼ਾਨਾ ਖਾਲੀ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਾਬ੍ਹ ਇਕ ਮਹੀਨੇ ਲਈ ਸਾਨੂੰ ਚਾਰਜ਼ ਦਿਓ, ਅਸੀਂ ਖਜ਼ਾਨਾ ਭਰ ਦੇਵਾਂਗੇ।ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਵਰਕਰਾਂ ਨੂੰ ਨਹੀਂ ਮਿਲਦਾ ਉਹ ਮੁੱਖ ਮੰਤਰੀ ਹੀ ਨਹੀਂ ਹੁੰਦਾ।ਪ੍ਰਕਾਸ਼ ਸਿੰਘ ਬਾਦਲ ਗਰੀਬਾਂ, ਮਜ਼ਦੂਰਾਂ ਅਤੇ ਸਾਰੇ ਧਰਮਾਂ ਦੇ ਮੰਤਰੀ ਸਨ ਇਸੇ ਲਈ ਉਨ੍ਹਾਂ 5 ਵਾਰ ਲਗਾਤਾਰ ਮੁੱਖ ਮੰਤਰੀ ਚੁਣਿਆ ਗਿਆ।ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਦੀ ਸਰਕਾਰ ਸਮੇਂ ਅਨੇਕਾਂ ਵਿਕਾਸ ਕਾਰਜ ਸੰਪਨ ਹੋਏ। ਉਨ੍ਹਾਂ ਕਿਹਾ ਜਦੋਂ ਬਾਦਲਾਂ ਦੀ ਸਰਕਾਰ ਆਏਗੀ ਕੈਪਟਨ ਵਲੋਂ ਬੰਦ ਕੀਤੀਆਂ ਗਈਆਂ ਸਾਰੀਆਂ ਸਹੂਲਤਾਂ ਦੁਬਾਰਾ ਚਾਲੂ ਕੀਤੀਆਂ ਜਾਣਗੀਆਂ।
ਇਸ ਮੌਕੇ ਜਥੇਦਾਰ ਤੋਤਾ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਖਡਿਆਲ, ਗਗਨਜੀਤ ਸਿੰਘ ਬਰਨਾਲਾ, ਮਹੇਸ਼ਇੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਮਾਨ, ਦਲਜੀਤ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।