ਅੰਮ੍ਰਿਤਸਰ, 4 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਨੇ ਕਾਂਗਰਸ ਵੱਲੋਂ ਸਿੱਖਾਂ ਦੀ ਪਾਰਲੀਮੈਂਟ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਹੈ।ਅੱਜ ਜਾਰੀ ਬਿਆਨ ਵਿੱਚ ਭਾਈ ਰਾਮ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਿੱਖਾਂ ਨਾਲ ਦੁਸ਼ਮਣੀ ਨਿਭਾਅ ਰਹੀ ਹੈ।ਇਹ ਉਹੀ ਪਾਰਟੀ ਹੈ, ਜਿਸ ਨੇ ਪੰਜਾਬੀ ਸੂਬੇ ਦੀ ਵਿਰੋਧਤਾ ਕੀਤੀ, ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਅਤੇ ਦਿੱਲੀ ਸਮੇਤ ਪੂਰੇ ਭਾਰਤ ਵਿਚ ਸਿੱਖਾਂ ਦੇ ਖ਼ੂਨ ਨਾਲ ਹੋਲੀ ਖੇਡੀ।ਹੁਣ ਇਹ ਪਾਰਟੀ ਸਿੱਖਾਂ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਤੋੜਨ ਲੱਗੀ ਹੋਈ ਹੈ।ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਅੱਜ ਵੀ ਸਿੱਖਾਂ ਨਾਲ ਦੁਸ਼ਮਣੀ ਵਾਲੀ ਸੋਚ ਰੱਖਦੀ ਹੈ।
ਭਾਈ ਰਾਮ ਸਿੰਘ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸ਼੍ਰੋਮਣੀ ਕਮੇਟੀ ਜਿਹੀ ਸੰਸਥਾ ਹੋਂਦ ’ਚ ਲਿਆਂਦੀ, ਪਰ ਕੈਪਟਨ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ ’ਤੇ ਚੱਲ ਕੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਤੋੜਨ ਵਿਚ ਲੱਗਾ ਹੋਇਆ ਹੈ।ਹਰਿਆਣਾ ਕਮੇਟੀ ਬਾਰੇ ਕਾਂਗਰਸ ਦੀ ਹਰਿਆਣਾ ਦੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਹਰਿਆਣਾ ਦੇ ਸਿੱਖਾਂ ਨੂੰ ਉਹਨਾਂ ਦੇ ਕੇਂਦਰੀ ਧੁਰੇ ਨਾਲੋਂ ਤੋੜਨ ਦਾ ਯਤਨ ਕੀਤਾ ਸੀ। ਉਹਨਾਂ ਕਿਹਾ ਕਿ ਸਾਡੇ ਕੁੱਝ ਸਿੱਖੀ ਭੇਸ ਵਾਲੇ ਸਾਬਕਾ ਅਕਾਲੀ ਕਾਂਗਰਸ ਦਾ ਹੱਥਠੋਕਾ ਬਣ ਕੇ ਇਸ ਜਥੇਬੰਦੀ ਨੂੰ ਖੇਰੂ-ਖੇਰੂ ਕਰਨ ਵਿਚ ਲੱਗੇ ਹੋਏ ਹਨ।ਪਰ ਸਿੱਖ ਕਾਂਗਰਸ ਦੇ ਨਾਲ-ਨਾਲ ਉਹਨਾਂ ਝੂਠੇ ਲੋਕਾਂ ਨੂੰ ਮੂੰਹ ਨਹੀਂ ਲਗਾਉਣਗੇ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …