ਪਟਨਾ, ੩ ਅਕਤੂਬਰ (ਬਿਊਰੋ) –ਬਿਹਾਰ ਰਾਜ ਦੇ ਪਟਨਾ ਸਥਿਤ ਗਾਂਧੀ ਮੈਦਾਨ ਵਿੱਚ ਰਾਵਣ ਸੜਣ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਲੋਕਾਂ ਵਿੱਚ ਭਗਦੜ ਮੱਚ ਜਾਣ ਤੇ 35 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਤੇ 100 ਤੋਂ ਵੱਧ ਦੇ ਜਖਮੀ ਹੋਣ ਦੀ ਸੂਚਨਾ ਹੈ। ਮਿਲ ਰਹੀਆਂ ਖਬਰਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਜਿਆਦਾਤਰ ਬੱਚੇ ਅਤੇ ਔਰਤਾਂ ਹਨ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਉਸ ਸਮੇਂ ਵਾਪਰੀ ਜਦ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਬਿਜਲੀ ਦੀ ਤਾਰ ਤੁੱਟ ਕੇ ਡਿੱਗ ਪਈ ਹੈ ਤਾਂ ਲੋਕ ਘਬਰਾ ਕੇ ਇੱਧਰ-ਉਧਰ ਦੌੜਣ ਲੱਗ ਪਏ ਤਾਂ ਇਸ ਭਗਦੜ ਵਿੱਚ ਕਈ ਔਰਤਾਂ ਤੇ ਬੱਚੇ ਡਿੱਗਣ ਕਾਰਨ ਪੈਰਾਂ ਹੇਠ ਆ ਕੇ ਕੁਚਲੇ ਗਏ। ਗਾਂਧੀ ਮੈਦਾਨ ਜਿੱਥੇ ਘਟਨਾ ਵਾਪਰੀ ਉਸਦਾ ਇੱਕ ਹੀ ਨਿਕਾਸੀ ਗੇਟ ਦੱਸਿਆ ਜਾਂਦਾ ਹੈ, ਜੋ ਅੱਧਾ ਬੰਦ ਹੋਣ ਕਰਕੇ ਮੈਦਾਨ ਵਿੱਚੋਂ ਬਾਹਰ ਨਿਕਲਣ ਵਿੱਚ ਪੈਦਾ ਹੋਈ ਮੁਸ਼ਕਿਲ ਨਾਲ ਇਹ ਘਟਨਾ ਵਾਪਰ ਗਈ। ਇਹ ਵੀ ਖਬਰ ਹੈ ਕਿ ਇਸ ਮੈਦਾਨ ਵਿੱਚ ਲਾਇਟ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਜੋ ਘਟਨਾ ਦਾ ਵੱਡਾ ਕਾਰਨ ਬਣਿਆ। ਇਸ ਮੰਦਭਾਗੀ ਘਟਨਾ ਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਮੁਹੰਮਦ ਹਮੀਦ ਅਨਸਾਰੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਤੇ ਰਵੀ ਸ਼ੰਕਰ ਪ੍ਰਸ਼ਾਦ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਜੀ ਨਾਲ ਗੱਲ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਉਧਰ ਬਿਹਾਰ ਸਰਕਾਰ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਅਤੇ ਜਖਮੀਆਂ ਨੂੰ 50-50 ਹਜ਼ਾਰ ਅਤੇ ਮਾਮੂਲੀ ਜਖਮੀਆਂ ਨੂੰ 20-20 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ। ਇਸ ਘਟਨਾ ਲਈ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਿਸ ‘ਤੇ ਦੋਸ਼ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਨਿਕਾਸੀ ਗੇਟ ਵੀ ਇੱਕ ਹੀ ਖੋਲਿਆ ਗਿਆ, ਜੋ ਅੱਧਾ ਬੰਦ ਸੀ। ਇਹ ਵੀ ਖਬਰ ਹੈ ਕਿ ਮੌਕੇ ਤੇ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਉਨ੍ਹਾਂ ਦਾ ਕੋਈ ਸਾਥੀ ਮੰਤਰੀ ਪਹੁੰਚਿਆ, ਜਿਸ ਕਰਕੇ ਪ੍ਰਸ਼ਾਸ਼ਨ ਤੇ ਸਰਕਾਰ ਦੇ ਇਸ ਗੈਰ ਜਿੰਮੇਵਾਰਾਨਾ ਰਵੱਈਏ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਹਸਪਤਾਲ ਦੇ ਬਾਹਰ ਵੀ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸੇ ਦੌਰਾਨ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਤੇ ਨਤੀਸ਼ ਕੁਮਾਰ ਨੇ ਘਟਨਾ ਤੇ ਦੁੱਖ ਪ੍ਰਗਟਾਉਂਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਕਿਹਾ ਹੈ। ਇਸ ਘਟਨਾ ਵਿੱਚ ਮਾਰੇ ਗਏ ਤੇ ਜਖਮੀ ਹੋਏ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 0612-221980 ਜਾਰੀ ਕਰ ਦਿੱਤਾ ਗਿਆ ਹੈ।